ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਸਿੱਖ ਤਿਉਹਾਰ ਵਿਸਾਖੀ ਨੂੰ ਸਮਰਪਿਤ ਜਸ਼ਨਾਂ ’ਚ ਸ਼ਾਮਿਲ ਹੁੰਦਿਆਂ ਸਿੱਖਾਂ ਦੀਆਂ ਤਰੀਫਾਂ ਦੇ ਪੁੱਲ ਬੰਨ੍ਹੇ ਹਨ। ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਚੈਰਿਟੀ ਦੀ 10ਵੀਂ ਵਰ੍ਹੇਗੰਢ ’ਚ ਸ਼ਾਮਿਲ ਹੋਣ ਮੌਕੇ ਉਨ੍ਹਾਂ ਦੇ ਦਸਤਾਰ ਵੀ ਸਜਾਈ ਹੋਈ ਸੀ। ਅਲਬਾਨੀਜ਼ੀ ਨੇ ਵਿਸਾਖੀ ਨੂੰ ਸਿੱਖ ਆਸਟ੍ਰੇਲੀਆਈ ਲੋਕਾਂ ਲਈ ਬਹੁਤ ਧਾਰਮਿਕ ਮਹੱਤਤਾ ਵਾਲਾ ਮੌਕਾ ਦੱਸਿਆ ਅਤੇ ਸਿੱਖ ਵਲੰਟੀਅਰਾਂ ਦੀ ਵਿਸ਼ੇਸ਼ ਤਾਰੀਫ਼ ਕੀਤੀ।
ਉਨ੍ਹਾਂ ਨੇ ਅਪਣੇ ਸੰਬੋਧਨ ’ਚ ਕਿਹਾ, ‘‘ਜੰਗਲਾਂ ’ਚ ਅੱਗ ਲੱਗੀ ਹੋਵੇ, ਹੜ੍ਹ ਆਏ ਹੋਣ, ਜਿੱਥੇ ਵੀ ਆਸਟ੍ਰੇਲੀਆਈ ਲੋਕਾਂ ਨੂੰ ਦਰਪੇਸ਼ ਔਕੜਾਂ ਹੁੰਦੀਆਂ ਹਨ, ਕਿਸੇ ਵੀ ਹੋਰ ਭਾਈਚਾਰਕ ਸੰਗਠਨ ਨੇ ਸਿੱਖਾਂ ਤੋਂ ਵੱਧ ਕੰਮ ਨਹੀਂ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਚਾਹੇ ਵਿਕਟੋਰੀਆ ਹੋਵੇ, ਜਾਂ ਲਿਸਮੋਰ ’ਚ, ਜਿੱਥੇ ਵੀ ਹੜ੍ਹ ਜਾਂ ਕੁਦਰਤੀ ਮੌਸਮ ਦੀਆਂ ਘਟਨਾਵਾਂ ਹੁੰਦੀਆਂ ਹਨ, ਅਸੀਂ ਵੇਖਦੇ ਹਾਂ ਕਿ ਸਿੱਖ ਅਪਣੇ ਸਾਥੀ ਲੋੜਵੰਦ ਆਸਟ੍ਰੇਲੀਆਈ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਕੇ ਅਪਣੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਅਮਲ ’ਚ ਲਿਆਉਂਦੇ ਹਨ।’’