ਸ਼ਨੀਵਾਰ ਦੇਰ ਰਾਤ ਨੂੰ ਇੱਕ “ਜ਼ਬਰਦਸਤ” ਭੂਚਾਲ ਨੇ ਦੱਖਣੀ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਆਕਲੈਂਡ ਤੱਕ ਦੇ ਲੋਕਾਂ ਨੇ ਇੰਨ੍ਹਾਂ ਝਟਕਿਆਂ ਨੂੰ ਮਹਿਸੂਸ ਕੀਤਾ ਹੈ। 5.1 ਦੀ ਤੀਬਰਤਾ ਵਾਲਾ ਭੂਚਾਲ 11.37 ਵਜੇ ਪੱਛਮੀ ਤੱਟ ‘ਤੇ, ਗ੍ਰੇਮਾਊਥ ਤੋਂ ਪੰਜ ਕਿਲੋਮੀਟਰ ਉੱਤਰ-ਪੱਛਮ ਵਿੱਚ, ਪੰਜ ਕਿਲੋਮੀਟਰ ਦੀ ਡੂੰਘਾਈ ‘ਤੇ ਸਮੁੰਦਰ ਵਿੱਚ ਆਇਆ ਸੀ। ਗ੍ਰੇਮਾਊਥ ਦੀ ਮੇਅਰ ਤਾਨੀਆ ਗਿਬਸਨ ਨੇ ਕਿਹਾ ਕਿ ਇਹ “ਕਾਫ਼ੀ ਤਿੱਖਾ ਝਟਕਾ” ਸੀ। ਜੀਓਨੈੱਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 1400 ਤੋਂ ਵੱਧ ਲੋਕਾਂ ਨੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਹੈ। ਗਿਬਸਨ ਨੇ ਕਿਹਾ ਕਿ “ਉਮੀਦ ਹੈ ਕਿ ਸਭ ਕੁਝ ਠੀਕ ਹੈ ਅਤੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।” “ਮੈਂ ਸਿਵਲ ਡਿਫੈਂਸ ਦੇ ਕਿਸੇ ਵੀ ਸੁਨੇਹੇ ਲਈ ਬਾਅਦ ਵਿੱਚ ਆਪਣੇ ਫ਼ੋਨ ਨੂੰ ਬਹੁਤ ਧਿਆਨ ਨਾਲ ਦੇਖ ਰਹੀ ਸੀ, ਪਰ ਅਜਿਹਾ ਲਗਦਾ ਹੈ ਕਿ ਇਸ ਪੜਾਅ ‘ਤੇ ਸਭ ਕੁਝ ਠੀਕ ਹੈ।”
ਜ਼ਿਆਦਾਤਰ ਰਿਪੋਰਟਾਂ ਸਾਊਥ ਆਈਲੈਂਡ ਤੋਂ ਆਈਆਂ ਹਨ, ਉੱਥੇ ਹੀ ਡੁਨੇਡਿਨ,ਹਾਕਸ ਬੇ, ਵੈਲਿੰਗਟਨ, ਦੱਖਣੀ ਵਾਈਕਾਟੋ ਅਤੇ ਇੱਥੋਂ ਤੱਕ ਕਿ ਆਕਲੈਂਡ ਦੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਝਟਕੇ ਮਹਿਸੂਸ ਕੀਤੇ ਹਨ। ਦੋ ਝਟਕਿਆਂ ਦੀ ਤੀਬਰਤਾ 2.8 ਅਤੇ 3.9 ਮਾਪੀ ਗਈ ਹੈ।