ਤਾਇਵਾਨ ਵਿੱਚ ਅੱਜ (ਬੁੱਧਵਾਰ) ਤੜਕੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ, ਜਿਸ ਕਾਰਨ ਪੂਰਾ ਟਾਪੂ ਹਿੱਲ ਗਿਆ ਅਤੇ ਇਮਾਰਤਾਂ ਢਹਿ ਗਈਆਂ। ਜਾਪਾਨ ਨੇ ਦੱਖਣੀ ਟਾਪੂ ਸਮੂਹ ਓਕੀਨਾਵਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਥੇ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਫਿਲੀਪੀਨਜ਼ ਨੇ ਵੀ ਸੁਨਾਮੀ ਦੀ ਚਿਤਾਵਨੀ ਦਿੱਤੀ ਹੈ ਅਤੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਭੂਚਾਲ ਤੋਂ ਬਾਅਦ 3 ਮੀਟਰ (9.8 ਫੁੱਟ) ਤੱਕ ਸੁਨਾਮੀ ਦੀ ਭਵਿੱਖਬਾਣੀ ਕੀਤੀ ਹੈ। ਲਗਭਗ ਅੱਧੇ ਘੰਟੇ ਬਾਅਦ, ਇਸ ਨੇ ਕਿਹਾ ਕਿ ਸੁਨਾਮੀ ਦੀ ਪਹਿਲੀ ਲਹਿਰ ਪਹਿਲਾਂ ਹੀ ਮੀਆਕੋ ਅਤੇ ਯਾਯਾਮਾ ਟਾਪੂਆਂ ਦੇ ਤੱਟਾਂ ‘ਤੇ ਆ ਚੁੱਕੀ ਹੈ।
ਤਾਈਵਾਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਇਸ ਦੀ ਤੀਬਰਤਾ 7.2 ਦੱਸੀ ਹੈ, ਜਦਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਸ ਨੂੰ 7.4 ਦੱਸਿਆ ਹੈ। ਭੂਚਾਲ ਦਾ ਕੇਂਦਰ ਹੁਆਲਿਨ ਸ਼ਹਿਰ ਤੋਂ ਕਰੀਬ 18 ਕਿਲੋਮੀਟਰ ਦੱਖਣ ਵਿੱਚ ਸਥਿਤ ਸੀ। ਹੁਆਲਿਨ ਵਿੱਚ ਇਮਾਰਤਾਂ ਦੀ ਨੀਂਹ ਹਿੱਲ ਗਈ ਹੈ। ਰਾਜਧਾਨੀ ਤਾਈਪੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।