ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਜੈਜ਼ੀ ਬੀ ਦੇ ਨਵੇਂ ਗੀਤ ‘ਚ ਇਤਰਾਜ਼ਯੋਗ ਸ਼ਬਦਾਂ ‘ਤੇ ਪੁਲਿਸ ਤੋਂ ਰਿਪੋਰਟ ਮੰਗੀ ਹੈ। ਇਸ ਦਾ ਨੋਟਿਸ ਲੈਂਦਿਆਂ ਰਾਜ ਮਹਿਲਾ ਕਮਿਸ਼ਨ ਨੇ ਜੈਜ਼ੀ ਬੀ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਹੈ। ਗਾਇਕ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਵਰਜ਼ਨ ਈ-ਮੇਲ ਰਾਹੀਂ ਭੇਜੇ ਨਹੀਂ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਕੱਲ੍ਹ ਜੈਜ਼ੀ ਬੀ ਦਾ ਜਨਮਦਿਨ ਸੀ, ਉਸੇ ਦਿਨ ਹੀ ਉਨ੍ਹਾਂ ਨੂੰ ਇਹ ਨੋਟਿਸ ਭੇਜਿਆ ਗਿਆ ਸੀ। ਦਰਅਸਲ ਜੈਜ਼ੀ-ਬੀ ਨੇ ਪਿਛਲੇ ਮਹੀਨੇ ਹੀ ‘ਮੜਕ ਸ਼ਕੀਨਾਂ ਦੀ’ ਗੀਤ ਲਾਂਚ ਕੀਤਾ ਸੀ। ਪੰਜਾਬੀ ਗੀਤ ਨੂੰ ਜੀਤ ਕੱਦੋਂਵਾਲਾ ਨੇ ਲਿਖਿਆ ਹੈ। ਇਸ ਗੀਤ ਲਈ ਜੀਤ ਕੱਦੋਂਵਾਲਾ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਗੀਤ ਵਿੱਚ ਔਰਤਾਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਔਰਤਾਂ ਦੀ ਤੁਲਨਾ “ਭੇਡਾਂ” ਨਾਲ ਕੀਤੀ ਗਈ ਹੈ।
ਨੋਟਿਸ ‘ਚ ਸਾਫ ਲਿਖਿਆ ਹੈ ਕਿ ‘ਮੜਕ ਸ਼ਕੀਨਾ ਦੀ’ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਜੈਜ਼ੀ-ਬੀ ਦੁਆਰਾ ਗਾਇਆ ਗਿਆ ਹੈ ਅਤੇ ਜੀਤ ਕੱਦੋਂਵਾਲਾ ਦੁਆਰਾ ਲਿਖਿਆ ਗਿਆ ਹੈ। ਇਸ ਵਿੱਚ ਔਰਤਾਂ ਲਈ ਭੇਡ ਸ਼ਬਦ ਵਰਤਿਆ ਗਿਆ ਹੈ। ਸਮਾਜ ਵਿੱਚ ਔਰਤਾਂ ਲਈ ਇਹ ਬਹੁਤ ਹੀ ਅਪਮਾਨਜਨਕ ਸ਼ਬਦ ਹੈ। ਇਸ ਨਾਲ ਸਮਾਜ ਵਿੱਚ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ।