ਟੌਰੰਗਾ ਹਸਪਤਾਲ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਵਿਅਕਤੀ ਨੇ ਟੌਰੰਗਾ ਹਸਪਤਾਲ ਨੂੰ ਫੋਨ ਕਰ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਟੌਰੰਗਾ ਹਸਪਤਾਲ ‘ਚ 5 ਘੰਟਿਆਂ ਲਈ ਲੌਕਡਾਊਨ ਲਗਾਇਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ 1 ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਟੌਰੰਗਾ ਹਸਪਤਾਲ ਪ੍ਰਬੰਧਕਾਂ ਨੇ ਵੀਰਵਾਰ ਨੂੰ ਦੁਪਹਿਰ ਤੋਂ ਠੀਕ ਪਹਿਲਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਫੋਨ ਕਰ ਧਮਕੀ ਦਿੱਤੀ ਸੀ। ਸਾਵਧਾਨੀ ਵੱਜੋਂ ਹਸਪਤਾਲ ‘ਚ ਲੌਕਡਾਊਨ ਲਗਾ ਦਿੱਤਾ ਗਿਆ ਸੀ। ਹਰ ਐਂਟਰੀ ਗੇਟ ‘ਤੇ ਹਥਿਆਰਬੰਦ ਅਧਿਕਾਰੀ ਲੋਕਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕ ਰਹੇ ਸਨ।
ਹਾਲਾਂਕਿ, ਹਸਪਤਾਲ ਨੇ ਕਿਹਾ ਕਿ ਐਮਰਜੈਂਸੀ ਵਿਭਾਗ ਪੂਰੇ ਲੌਕਡਾਊਨ ਦੌਰਾਨ ਖੁੱਲ੍ਹਾ ਰਿਹਾ ਅਤੇ ਮਰੀਜ਼ ਆਪਣੇ ਨਿਰਧਾਰਤ ਸਮੇਂ ‘ਤੇ ਡਾਕਟਰ ਨੂੰ ਮਿਲ ਸਕਦੇ ਸਨ। ਪੁਲਿਸ ਨੇ ਕਿਹਾ ਕਿ ਹਥਿਆਰਬੰਦ ਅਧਿਕਾਰੀ “ਸੁਰੱਖਿਆ” ਲਈ ਉੱਥੇ ਸਨ, ਹਾਲਾਂਕਿ ਸਟਾਫ, ਮਰੀਜ਼ਾਂ ਜਾਂ ਇਮਾਰਤ ਲਈ ਕੋਈ ਤੁਰੰਤ ਖ਼ਤਰਾ ਨਹੀਂ ਸੀ। ਸ਼ਾਮ 4.40 ਵਜੇ ਦੇ ਕਰੀਬ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਲੌਕਡਾਊਨ ਹੁਣ ਹਟਾ ਦਿੱਤਾ ਗਿਆ ਸੀ।