ਬੀਤੇ ਕੁੱਝ ਦਿਨਾਂ ਦੌਰਾਨ ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਦੇਖਿਆ ਗਿਆ ਹੈ, ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਲਈ ਸਰਕਾਰ ਵੱਲੋ ਸਖਤ ਪਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਪਰ ਇੰਨਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜਾ ਮਾਮਲੇ ਵਿੱਚ ਬਲੈਕ ਪਾਵਰ ਗੈਂਗ ਦੇ ਮੈਂਬਰ ਸਮੇਤ ਦੋ ਲੋਕਾਂ ‘ਤੇ ਇੱਕ ਟਾਕਾਨੀਨੀ ਪਾਕ’ਨਸੇਵ (Pak’nSave ) ਸੁਰੱਖਿਆ ਗਾਰਡ ‘ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ ਜਦੋ ਉਸ ਨੇ ਇੱਕ ਔਰਤ ਨੂੰ ਮਾਸਕ ਪਾਉਣ ਲਈ ਕਿਹਾ ਸੀ।
ਪੁਲਿਸ ਨੇ ਦੱਸਿਆ ਕਿ ਇੱਕ ਔਰਤ ਗਾਰਡ ਉੱਤੇ ਹਮਲਾਵਰ ਹੋ ਗਈ ਜਦੋਂ ਉਸ ਨੂੰ ਮਾਸਕ ਪਾਉਣ ਲਈ ਕਿਹਾ ਗਿਆ। ਦਰਅਸਲ ਮਹਿਲਾ ਉਸ ਸਮੇ ਆਕਲੈਂਡ ਸਟੋਰ ਤੋਂ ਚਲੀ ਗਈ ਅਤੇ ਬਾਅਦ ਵਿੱਚ ਦੋ ਹੋਰ ਆਦਮੀਆਂ ਨਾਲ ਸੁਪਰਮਾਰਕੀਟ ਵਿੱਚ ਵਾਪਿਸ ਆਈ। ਮਹਿਲਾ ਨੇ ਗਾਰਡ ਨੂੰ ਕਥਿਤ ਤੌਰ ‘ਤੇ ਧੱਕਾ ਮਾਰਿਆ ਅਤੇ ਦੋ ਵਿਅਕਤੀਆਂ ਨੇ ਹਥਿਆਰਾਂ ਨਾਲ ਗਾਰਡ ਦਾ ਪਿੱਛਾ ਕੀਤਾ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਅਤੇ ਨੇੜਲੇ ਖੇਤਰ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ 26 ਸਾਲਾ ਮਹਿਲਾ ‘ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ ਅਤੇ ਚਿਹਰੇ ਦਾ ਮਾਸਕ ਪਾਉਣ ਵਿੱਚ ਅਸਫਲ ਰਹਿਣ ‘ਤੇ infringement ਵੀ ਜਾਰੀ ਕੀਤੀ ਗਈ ਹੈ। ਇੱਕ 33 ਸਾਲਾ ਵਿਅਕਤੀ, ਜੋ ਕਿ ਬਲੈਕ ਪਾਵਰ ਦਾ ਮੈਂਬਰ ਹੈ, ਉਸ ਉੱਤੇ ਵੀ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।