ਲੱਖਾਂ ਰੁਪਏ ਖਰਚ ਚੰਗੇ ਭਵਿੱਖ ਦੀ ਆਸ ਲੈ ਨਿਊਜ਼ੀਲੈਂਡ ਆਏ 5 ਹੋਰ ਪੰਜਾਬੀ ਨੌਜਵਾਨਾਂ ਦੇ ਸੋਸ਼ਣ ਦੀ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਇੱਕ ਮਸ਼ਹੂਰ ਰੈਸਟੋਰੈਂਟ ਕਾਰੋਬਾਰੀ ‘ਤੇ 5 ਪੰਜਾਬੀ ਕਰਮਚਾਰੀਆਂ ਤੋਂ ਵਰਕ ਵੀਜਾ ਬਦਲੇ ਪੈਸੇ ਲੈਣ ਅਤੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ।
ਪੰਜਾਬੀ ਨੌਜਵਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੈਸਟੋਰੈਂਟ ਮਾਲਕ ਨੇ ਉਨ੍ਹਾਂ ਤੋਂ ਵਰਕ ਵੀਜ਼ੇ ਲਈ ਪਹਿਲਾ $30,000 ਤੋਂ $50,000 ਲਏ ਫਿਰ ਨੌਜਵਾਨਾਂ ਤੋਂ ਲੋੜ ਤੋਂ ਵੱਧ 40 ਤੋਂ 50 ਘੰਟੇ ਪ੍ਰਤੀ ਹਫਤੇ ਦਾ ਕੰਮ ਵੀ ਕਰਵਾਇਆ ਪਰ ਗੱਲ ਇੱਥੇ ਹੀ ਨਹੀਂ ਮੁਕਦੀ ਸਗੋਂ ਇਨ੍ਹਾਂ ਮੁੰਡਿਆਂ ਨੂੰ ਉਨ੍ਹਾਂ ਦੀਆਂ ਬਣਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਬੇਗਾਨੇ ਮੁਲਕ ‘ਚ ਆਰਥਿਕ ਤੰਗੀ ‘ਚ ਫਸੇ ਇੰਨ੍ਹਾਂ ਨੌਜਵਾਨਾਂ ਨੇ ਦੱਖਣੀ ਆਕਲੈਂਡ ਦੇ ਗੁਰਦੁਆਰਾ ਸਾਹਿਬ ਤੋਂ ਸਹਾਰਾ ਲਿਆ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਾਲਕ ਉਨ੍ਹਾਂ ਨੂੰ ਇੰਡੀਆ ਡਿਪੋਰਟ ਕਰਵਾਉਣ ਦੀ ਧਮਕੀ ਵੀ ਦਿੰਦਾ ਸੀ।
ਫਿਲਹਾਲ ਹੁਣ ਇਸ ਮਾਮਲੇ ਦੀ ਜਾਂਚ ਪੁਲਿਸ ਤੋਂ ਹੁੰਦੀ ਹੁੰਦੀ ਇਮੀਗ੍ਰੇਸ਼ਨ ਨਿਊਜੀਲੈਂਡ ਤੱਕ ਪੁੱਜ ਚੁੱਕੀ ਹੈ। ਉੱਥੇ ਹੀ ਰੈਸਟੋਰੈਂਟ ਮਾਲਕ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਤਨਖਾਹਾਂ ਬਾਰੇ ਗੱਲ ਕਰਦਿਆਂ ਮਾਲਕ ਨੇ ਕਿਹਾ ਕਿ ਕਾਰੋਬਾਰ ਡਾਊਨ ਹੋਣ ਕਾਰਨ ਉਹ ਕੁਝ ਸਮੇਂ ਦੀਆਂ ਤਨਖਾਹਾਂ ਨਹੀਂ ਦੇ ਸਕਿਆ, ਪਰ ਉਹ ਜਲਦ ਹੀ ਕਰਮਚਾਰੀਆਂ ਦੀ ਬਣਦੀ ਤਨਖਾਹ ਦੇ ਦਏਗਾ। ਇਸ ਵੇਲੇ ਮਾਮਲਾ ਆਈ ਐਨ ਜੈਡ ਸਾਹਮਣੇ ਹੈ।