ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਆਕਲੈਂਡ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਹੁਣ ਸ਼ਹਿਰ ਵਿੱਚ ਪਬੰਦੀਆਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਆਕਲੈਂਡ ਅਗਲੇ ਮੰਗਲਵਾਰ, 21 ਸਤੰਬਰ ਨੂੰ ਰਾਤ 11.59 ਵਜੇ ਤੱਕ ਇੱਕ ਹੋਰ ਹਫ਼ਤੇ ਲਈ ਕੋਵਿਡ -19 ਅਲਰਟ ਲੈਵਲ 4 ਵਿੱਚ ਰਹੇਗਾ। ਬਾਕੀ ਨਿਊਜ਼ੀਲੈਂਡ ਉਸੇ ਤਾਰੀਖ ਤੱਕ ਲੈਵਲ 2 ‘ਤੇ ਰਹੇਗਾ। ਅਗਲੇ ਸੋਮਵਾਰ, 20 ਸਤੰਬਰ ਨੂੰ ਸੈਟਿੰਗਾਂ ਦੀ ਸਮੀਖਿਆ ਕਰਨ ਲਈ ਕੈਬਨਿਟ ਦੀ ਬੈਠਕ ਹੋਵੇਗੀ।
ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ। ਜੈਸਿੰਡਾ ਆਰਡਰਨ ਨੇ ਕਿਹਾ “ਅਲਰਟ ਲੈਵਲ 4 ਕੰਮ ਕਰ ਰਿਹਾ ਹੈ। ਇਸ ਨੇ ਪ੍ਰਕੋਪ ਨੂੰ ਨਿਯੰਤਰਣ ਵਿੱਚ ਲਿਆਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।” ਇਹ ਫੈਸਲਾ ਆਕਲੈਂਡ ਵਿੱਚ ਸੋਮਵਾਰ ਨੂੰ 33 ਨਵੇਂ ਕੋਵਿਡ -19 ਕਮਿਊਨਿਟੀ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ। ਦੱਸ ਦੇਈਏ ਕਿ ਆਕਲੈਂਡ 26 ਦਿਨਾਂ ਤੋਂ ਪੂਰਨ ਤਾਲਾਬੰਦੀ ਵਿੱਚ ਹੈ।