ਕ੍ਰਾਈਸਟਚਰਚ ਵਿੱਚ ਤਿੰਨ ਵਿਅਕਤੀਆਂ ਉੱਤੇ ਪਾਵਰਲਾਈਨ ਨਾਲ ਛੇੜਛਾੜ ਕਰਨ ਅਤੇ ਬਿਜਲੀ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ 16 ਫਰਵਰੀ ਨੂੰ ਬਿਜਲੀ ਦੀਆਂ ਲਾਈਨਾਂ ਨਾਲ ਛੇੜਛਾੜ ਕਰਦੇ ਹੋਏ ਫੜਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਗ੍ਰਿਫਤਾਰ ਕਰ ਲਿਆ ਗਿਆ ਸੀ। ਫਿਰ, 22 ਫਰਵਰੀ ਨੂੰ, ਬਰੋਮਲੀ ਵਿੱਚ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਬਿਜਲੀ ਸਪਲਾਈ ਸਮਾਨ ਨਾਲ ਲੱਦਿਆ ਇੱਕ ਵਾਹਨ ਚੋਰੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਪਾਵਰਲਾਈਨ ਨਾਲ ਛੇੜਛਾੜ ਅਤੇ ਤਾਂਬੇ ਅਤੇ ਬਿਜਲੀ ਸਪਲਾਈ ਦਾ ਸਮਾਨ ਚੋਰੀ ਪਿਛਲੇ ਚਾਰ ਹਫ਼ਤਿਆਂ ਵਿੱਚ ਕ੍ਰਾਈਸਟਚਰਚ ਵਿੱਚ ਆਵਰਤੀ ਮੁੱਦੇ ਰਹੇ ਹਨ। ਸੀਨੀਅਰ ਸਾਰਜੈਂਟ ਰਾਏ ਐਪਲੇ ਨੇ ਕਿਹਾ ਕਿ ਸਭ ਤੋਂ ਤਾਜ਼ਾ ਘਟਨਾ ਵੀਰਵਾਰ ਰਾਤ ਨੂੰ ਰੇਮੰਡ ਰੋਡ ‘ਤੇ ਵਾਪਰੀ ਸੀ। ਹਾਲਾਂਕਿ, ਮਾਰਸ਼ਲੈਂਡਜ਼, ਡਾਲਿੰਗਟਨ ਅਤੇ ਬਰੋਮਲੀ ਦੇ ਉਪਨਗਰਾਂ ਵਿੱਚ, ਖਾਸ ਤੌਰ ‘ਤੇ ਸਵੇਰੇ 3 ਵਜੇ ਤੋਂ ਸਵੇਰੇ 5.45 ਵਜੇ ਦੇ ਵਿਚਕਾਰ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਸਨ।
ਐਪਲੇ ਨੇ ਕਿਹਾ, “ਸਿਰਫ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀ ਹੀ ਇਸ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਸਨ ਸਗੋਂ ਅਸੀਂ ਸਕ੍ਰੈਪ ਮੈਟਲ ਡੀਲਰਾਂ ਨੂੰ ਸਾਵਧਾਨ ਕਰਾਂਗੇ ਕਿ ਅਜਿਹਾ ਹੋ ਰਿਹਾ ਹੈ ਅਤੇ ਉਹ ਵੀ ਗਾਹਕਾਂ ਤੋਂ ਸੁਚੇਤ ਰਹਿਣ।” ਉਨ੍ਹਾਂ ਕਿਹਾ ਕਿ, “ਬਿਜਲੀ ਦੀਆਂ ਤਾਰਾਂ ਤੋਂ ਤਾਂਬੇ ਦੀ ਚੋਰੀ ਬਹੁਤ ਖ਼ਤਰਨਾਕ ਹੈ। ਜੇਕਰ ਕੋਈ ਇਨ੍ਹਾਂ ਡਿੱਗੀਆਂ ਲਾਈਨਾਂ ਨੂੰ ਟੱਚ ਕਰਦਾ ਹੈ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਸਕਦਾ ਹੈ ਜਾਂ ਆਪਣੀ ਜਾਨ ਵੀ ਗਵਾ ਸਕਦਾ ਹੈ।” ਪੁਲਿਸ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਨੂੰ ਬਿਜਲੀ ਦੇ ਖੰਭਿਆਂ ਜਾਂ ਲਾਈਨਾਂ ਦੇ ਆਲੇ ਦੁਆਲੇ ਸ਼ੱਕੀ ਢੰਗ ਨਾਲ ਕੰਮ ਕਰਦੇ ਦੇਖਦਾ ਹੈ ਤਾਂ ਤੁਰੰਤ 111 ‘ਤੇ ਕਾਲ ਕਰੇ। ਇਸ ਸਬੰਧੀ 24 ਘੰਟੇ ਚੱਲਣ ਵਾਲਾ 0800 363 9898 ਇਹ ਨੰਬਰ ਜਾਰੀ ਕੀਤਾ ਗਿਆ ਹੈ। ਉੱਥੇ ਹੀ 40 ਤੋਂ 48 ਸਾਲ ਦੀ ਉਮਰ ਦੇ ਗ੍ਰਿਫਤਾਰ ਤਿੰਨ ਵਿਅਕਤੀਆਂ ਨੂੰ 8 ਅਤੇ 21 ਮਾਰਚ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ।