ਕੈਂਟਰਬਰੀ ਖੇਤਰ ਵਿੱਚ ਤੂਫਾਨ, ਭਾਰੀ ਮੀਂਹ ਅਤੇ ਗਰਜ਼ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਤੂਫ਼ਾਨ ਕਾਰਨ ਲੱਗਭਗ 1000 ਘਰ ਇਸ ਸਮੇ ਬਿਜਲੀ ਤੋਂ ਸੱਖਣੇ ਹਨ। ਤੂਫ਼ਾਨ ਨੇ ਸਾਊਥ ਆਈਲੈਂਡ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਦੇ ਕਰਮਚਾਰੀਆਂ ਦੀ ਵੀ ਰਾਤ ਦੀ ਨੀਂਦ ਖਰਾਬ ਕਰ ਦਿੱਤੀ ਹੈ, ਦਰਅਸਲ ਬਿਜਲੀ ਸਪਾਰਕਿੰਗ ਕਾਰਨ ਕਈ ਧਮਾਕੇ ਵੀ ਹੋਏ ਹਨ। MetService ਵੱਲੋ ਅਜੇ ਵੀ ਤੇਜ਼ ਹਵਾਵਾਂ ਲਈ ਰੈਡ ਚਿਤਾਵਨੀਆਂ ਜਾਰੀ ਹਨ। MetService ਦੀ ਰੈਡ ਚਿਤਾਵਨੀ ਅਨੁਸਾਰ, ਇਨ੍ਹਾਂ ਹਵਾਵਾਂ ਤੋਂ ਵਿਆਪਕ ਨੁਕਸਾਨ ਹੋਣ ਦੀ ਉਮੀਦ ਹੈ, ਖਾਸ ਕਰਕੇ ਦਰਖਤਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਅਤੇ ਇਹ ਘਰਾਂ ਦੀਆਂ ਛੱਤਾਂ ਨੂੰ ਵੀ ਉਡਾ ਸਕਦੀਆਂ ਹਨ।
ਸੜਕਾਂ ਦੇ ਬੰਦ ਹੋਣ ਅਤੇ ਬਿਜਲੀ ਬੰਦ ਹੋਣ ਨਾਲ ਆਵਾਜਾਈ ਅਤੇ ਬਿਜਲੀ ਦੇ ਨੈਟਵਰਕਾਂ ਉੱਤੇ ਕਾਫ਼ੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਵਾਹਨ ਚਾਲਕਾਂ ਲਈ ਹਾਲਾਤ ਖਤਰਨਾਕ ਹੋਣਗੇ ਅਤੇ ਉੱਡਦੇ ਮਲਬੇ ਅਤੇ ਰੁੱਖਾਂ ਜਾਂ ਟਹਿਣੀਆਂ ਦੇ ਸੜਕਾਂ ‘ਤੇ ਡਿੱਗਣ ਨਾਲ ਜੀਵਨ ਨੂੰ ਖਤਰਾ ਹੋ ਸਕਦਾ ਹੈ।” Orion infrastructure ਦੇ ਜਨਰਲ ਮੈਨੇਜਰ ਸਟੀਵ ਮੈਕਡੋਨਾਲਡ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਜਿਨ੍ਹਾਂ ਲੋਕਾਂ ਦੀ ਅਜੇ ਸ਼ਾਮ ਤੱਕ ਬਿਜਲੀ ਬਹਾਲ ਨਹੀਂ ਹੋਈ ਹੈ ਉਨ੍ਹਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਕੱਲ੍ਹ ਤੱਕ ਬਿਨਾਂ ਬਿਜਲੀ ਦੇ ਰਹਿਣਗੇ।” ਬਿਆਨ ਵਿੱਚ ਕਿਹਾ ਗਿਆ ਹੈ ਕਿ, “ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਆਊਟੇਜ ਪੀਰੀਅਡ ਦੌਰਾਨ ਸਾਰੀਆਂ ਲਾਈਨਾਂ ਨੂੰ ਲਾਈਵ ਸਮਝਿਆ ਜਾਵੇ ਕਿਉਂਕਿ ਕਿਸੇ ਵੀ ਸਮੇਂ ਬਿਜਲੀ ਬਹਾਲ ਹੋ ਸਕਦੀ ਹੈ।”