ਬੀਤੇ ਕੁੱਝ ਦਿਨਾਂ ਦੌਰਾਨ ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਦੇਖਿਆ ਗਿਆ ਹੈ, ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਲਈ ਸਰਕਾਰ ਵੱਲੋ ਸਖਤ ਪਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਪਰ ਹੁਣ ਇਸ ਦੌਰਾਨ ਇੰਨਾ ਨਿਯਮਾਂ ਨੂੰ ਤੋੜਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਆਕਲੈਂਡ ਦਾ ਇੱਕ ਜੋੜਾ ਹਫਤੇ ਦੇ ਅਖੀਰ ਵਿੱਚ ਅਲਰਟ ਲੈਵਲ 4 ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ Wānaka ਵਿੱਚ ਛੁੱਟੀਆਂ ਮਨਾਉਣ ਲਈ ਗਿਆ ਸੀ ਜਿਸ ਕਾਰਨ ਹੁਣ ਜੋੜੇ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਏਗਾ। ਪੁਲਿਸ ਬੁਲਾਰੇ ਨੇ ਦੱਸਿਆ ਕਿ ਜੋੜਾ ਦੱਖਣ ਵੱਲ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਕਰਮਚਾਰੀਆਂ ਦੀਆਂ ਛੋਟਾਂ ਦੀ ਵਰਤੋਂ ਕਰਦਿਆਂ ਲੈਵਲ 4 ਦੀ ਸਰਹੱਦ ਪਾਰ ਕਰਕੇ ਹੈਮਿਲਟਨ ਹਵਾਈ ਅੱਡੇ ਵੱਲ ਗਿਆ।
ਜਿਸ ਕਾਰਨ ਇੱਕ 26 ਸਾਲਾ ਔਰਤ ਅਤੇ 35 ਸਾਲਾ ਆਦਮੀ ਨੂੰ ਆਉਣ ਵਾਲੇ ਹਫਤੇ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਜਾਣਗੇ। ਬੁਲਾਰੇ ਨੇ ਕਿਹਾ, “ਅਲਰਟ ਲੈਵਲ 4 ਦੀਆਂ ਪਾਬੰਦੀਆਂ ਦੀ ਜਾਣਬੁੱਝ ਕੇ ਉਲੰਘਣਾ ਕਰਨਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੋਵੇਗਾ ਜੋ ਸਾਡੇ ਸਮਾਜ ਵਿੱਚ ਕੋਵਿਡ ਨੂੰ ਖਤਮ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਮਹਾਨ ਕੁਰਬਾਨੀਆਂ ਦੇ ਰਹੇ ਹਨ।” ਜਦੋਂ ਉਨ੍ਹਾਂ ਨਾਲ ਪੁਲਿਸ ਦੁਆਰਾ ਗੱਲ ਕੀਤੀ ਗਈ ਤਾਂ ਜੋੜੇ ਨੇ ਸੰਕੇਤ ਦਿੱਤਾ ਕਿ ਉਹ ਆਕਲੈਂਡ ਦੇ ਪਤੇ ‘ਤੇ ਵਾਪਿਸ ਆਉਣਗੇ ਜਿੱਥੇ ਉਹ ਆਮ ਤੌਰ’ ਤੇ ਰਹਿੰਦੇ ਹਨ। ਸਿਹਤ ਮੰਤਰਾਲੇ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਪਰ ਅਜੇ ਅਦਾਲਤ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ।