ਆਕਲੈਂਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਬੰਦੂਕ ਦੀ ਨੋਕ ‘ਤੇ ਕਥਿਤ ਤੌਰ ‘ਤੇ ਆਕਲੈਂਡ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਪਹਿਲਾ ਕਾਫੀ ਸਮਾਨ ਚੋਰੀ ਕਰ ਲਿਆ ਫਿਰ ਜਾਂਦੇ-ਜਾਂਦੇ ਕਾਰ ਚੋਰੀ ਕਰ ਰਫੂ ਚੱਕਰ ਹੋ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਐਤਵਾਰ ਸਵੇਰੇ ਵਾਟਰਵਿਊ ਦੇ ਉਪਨਗਰ ਵਿੱਚ ਵਾਪਰੀ ਸੀ। ਇੰਸਪੈਕਟਰ ਵੇਨ ਕਿਚਰ ਨੇ ਕਿਹਾ ਕਿ ਲੁਟੇਰਿਆਂ ਨੇ ਨਿਵਾਸੀ ਨੂੰ ਧਮਕੀ ਦਿੱਤੀ ਸੀ ਅਤੇ ਉਨ੍ਹਾਂ ਦੇ ਘਰ ਤੋਂ “ਕਈ ਚੀਜ਼ਾਂ” ਚੋਰੀ ਕਰ ਲਈਆਂ ਸੀ। ਇਸ ਲੁੱਟ ਨੂੰ ਅੰਜਾਮ ਦੇਣ ਮਗਰੋਂ ਲੁਟੇਰਿਆਂ ਨੇ ਓਰਾਕੀ ‘ਚ ਇੱਕ ਹੋਰ ਕਾਰ ਲੁੱਟ ਲਈ ਜਿਸ ਨੂੰ 2 ਮਹਿਲਾਵਾਂ ਚਲਾ ਰਹੀਆਂ ਸੀ।
ਕਿਚਰ ਨੇ ਕਿਹਾ ਕਿ ਕਥਿਤ ਚੋਰੀ ਦੇ 45 ਮਿੰਟਾਂ ਤੋਂ ਵੀ ਘੱਟ ਸਮੇਂ ਬਾਅਦ ਸਾਰੇ ਲੁਟੇਰਿਆਂ ਨੂੰ ਤੇਜ਼ੀ ਨਾਲ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਅਤੇ ਇੱਕ ਬੰਦੂਕ, ਇੱਕ ਕੁਹਾੜੀ ਅਤੇ “ਵੱਡੀ ਮਾਤਰਾ ਵਿੱਚ” ਭੰਗ ਬਰਾਮਦ ਕੀਤੀ। ਗ੍ਰਿਫਤਾਰ ਕੀਤੇ ਤਿੰਨ ਵਿਅਕਤੀ ਜਿਨ੍ਹਾਂ ਵਿੱਚੋਂ ਦੋ 26 ਸਾਲ ਅਤੇ ਇੱਕ 21 ਸਾਲ ਦੀ ਉਮਰ ਦੇ ਹਨ- ਸੋਮਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।