ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਪਿਛਲੇ 5 ਦਿਨਾਂ ਤੋਂ ਦਿੱਲੀ ਵੱਲ ਮਾਰਚ ਕਰਨ ਲਈ ਬੈਠੇ ਕਿਸਾਨਾਂ ਨੂੰ ਹੁਣ ਟਿਕੈਤ ਭਰਾਵਾਂ ਦਾ ਸਮਰਥਨ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ ਕਿ ਅਸੀਂ ਹਰ ਸੰਘਰਸ਼ ਵਿੱਚ ਦੇਸ਼ ਦੇ ਕਿਸਾਨਾਂ ਦੇ ਨਾਲ ਹਾਂ। ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ 21 ਫਰਵਰੀ ਨੂੰ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਸੰਯੁਕਤ ਕਿਸਾਨ ਮੋਰਚਾ ਨੂੰ ਵੀ 26 ਅਤੇ 27 ਫਰਵਰੀ ਨੂੰ ਦਿੱਲੀ ਨੂੰ ਜੋੜਨ ਵਾਲੇ ਹਾਈਵੇਅ ‘ਤੇ ਟਰੈਕਟਰ ਚੇਨ ਬਣਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕਰਾਂਗੇ।
ਦਰਅਸਲ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਦੇ ਸਿਸੌਲੀ ਪਿੰਡ ‘ਚ ਪੰਚਾਇਤ ਕੀਤੀ ਅਤੇ ਮੌਜੂਦਾ ਹਾਲਾਤ ਅਤੇ ਕਿਸਾਨ ਅੰਦੋਲਨ ‘ਤੇ ਚਰਚਾ ਕੀਤੀ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਅਨੁਸਾਰ ਉੱਤਰ ਪ੍ਰਦੇਸ਼ ਰਾਜ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਉਤਰਾਖੰਡ ਦੇ ਸੂਬਾ ਪ੍ਰਧਾਨਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਪੰਚਾਇਤ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਸਾਨ ਭਵਨ ਦੀ ਦੇਵੀ ਲਾਲ ਲਾਇਬ੍ਰੇਰੀ ਵਿੱਚ ਹੋਈ ਮੀਟਿੰਗ ਵਿੱਚ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ।