ਨਿਊਜ਼ੀਲੈਂਡ ‘ਚ ਹੁਣ ਕੋਰੋਨਾ ਦੀ ਰਫ਼ਤਾਰ ‘ਤੇ ਲਗਾਮ ਲੱਗਦੀ ਦਿਖਾਈ ਦੇ ਰਹੀ ਹੈ। ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੇ ਵਿੱਚ ਹੁਣ ਨਿਰੰਤਰ ਕਮੀ ਆ ਰਹੀ ਹੈ। ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਇਸ ਲਈ ਸਾਵਧਾਨੀਆਂ ਦੀ ਵਰਤੋਂ ਜਰੂਰ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਅੱਜ ਕਮਿਊਨਿਟੀ ਵਿੱਚ ਕੋਵਿਡ -19 ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚ ਹਨ, ਸਿਹਤ ਦੇ ਡਾਇਰੈਕਟਰ ਜਨਰਲ ਡਾ ਐਸ਼ਲੇ ਬਲੂਮਫੀਲਡ ਨੇ ਇੰਨਾ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ।
ਵੈਲਿੰਗਟਨ ਵਿੱਚ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਦੇ ਨਾਲ ਬਲੂਮਫੀਲਡ ਨੇ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਇਹ ਅਪਡੇਟ ਅੰਕੜੇ ਸਾਂਝੇ ਕੀਤੇ ਹਨ। ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 879 ਹੈ, ਜਿਨ੍ਹਾਂ ਵਿੱਚੋਂ 288 ਹੁਣ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਦੇ ਕੁੱਲ ਪੁਸ਼ਟੀ ਕੀਤੇ ਕੇਸ 3510 ਹੋ ਗਏ ਹਨ।