ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਕੋਈ ਗਠਜੋੜ ਨਹੀਂ ਹੋਵੇਗਾ। ਸ਼ਨੀਵਾਰ ਨੂੰ ਖੰਨਾ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਫਰਵਰੀ ਦੇ ਅੰਤ ਤੱਕ ਚੰਡੀਗੜ੍ਹ ਸੀਟ ਸਮੇਤ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ‘ਆਪ’ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਕੇਜਰੀਵਾਲ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਘਰ-ਘਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਨ ਲਈ ਪੰਜਾਬ ਆਏ ਸਨ। ਖੰਨਾ ‘ਚ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਦੋ ਸਾਲ ਪਹਿਲਾਂ ਤੁਸੀਂ ਆਸ਼ੀਰਵਾਦ ਦਿੱਤਾ ਸੀ। ਸਾਨੂੰ 117 ਵਿੱਚੋਂ 92 ਸੀਟਾਂ ਦਿੱਤੀਆਂ। ਤੁਸੀਂ ਪੰਜਾਬ ਵਿੱਚ ਇਤਿਹਾਸ ਰਚਿਆ ਹੈ। ਅੱਜ ਮੈਂ ਫਿਰ ਹੱਥ ਜੋੜ ਕੇ ਤੁਹਾਡਾ ਆਸ਼ੀਰਵਾਦ ਮੰਗਦਾ ਹਾਂ। ਦੋ ਮਹੀਨਿਆਂ ਬਾਅਦ ਲੋਕ ਸਭਾ ਚੋਣਾਂ ਹੋਣੀਆਂ ਹਨ। ਪੰਜਾਬ ਵਿੱਚ 13 (ਲੋਕ ਸਭਾ) ਸੀਟਾਂ ਹਨ, ਇੱਕ ਚੰਡੀਗੜ੍ਹ ਹੈ। ਕੁੱਲ 14 ਸੀਟਾਂ ਹੋਣਗੀਆਂ।
ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ 10-15 ਦਿਨਾਂ ‘ਚ ਆਮ ਆਦਮੀ ਪਾਰਟੀ ਇਨ੍ਹਾਂ ਸਾਰੀਆਂ 14 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਪਾਰਟੀ ਨੂੰ ਇਨ੍ਹਾਂ ਸਾਰੀਆਂ 14 ਸੀਟਾਂ ਜਿੱਤਣ ਵਿੱਚ ਮਦਦ ਕਰੋ ਜਿਵੇਂ ਤੁਸੀਂ ਦੋ ਸਾਲ ਪਹਿਲਾਂ ਸਾਨੂੰ ਆਸ਼ੀਰਵਾਦ ਦਿੱਤਾ ਸੀ।