ਪਾਕਿਸਤਾਨ ‘ਚ ਗਿਣਤੀ ਹੁਣ ਆਖਰੀ ਪੜਾਅ ‘ਤੇ ਹੈ ਅਤੇ ਇਮਰਾਨ ਖਾਨ ਦੀ ਪਾਰਟੀ ਦੇ ਨਾਲ-ਨਾਲ ਨਵਾਜ਼ ਸ਼ਰੀਫ ਨੇ ਵੀ ਆਪਣੀ ਪਾਰਟੀ ਦੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਹਨ। ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਚੋਟੀ ਦੇ ਨੇਤਾ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਮ ਚੋਣਾਂ ਤੋਂ ਬਾਅਦ ‘ਇਕੱਲੀ ਸਭ ਤੋਂ ਵੱਡੀ ਪਾਰਟੀ’ ਵਜੋਂ ਉਭਰੀ ਹੈ। ਉਨ੍ਹਾਂ ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਆਪਣੇ ਦਮ ‘ਤੇ ਸਰਕਾਰ ਨਹੀਂ ਬਣਾ ਸਕਦੀ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਪਾਕਿਸਤਾਨ ‘ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਲਾਹੌਰ ਵਿੱਚ ਇੱਕ ਸੰਬੋਧਨ ਦੌਰਾਨ ਕਿਹਾ, “ਅਸੀਂ ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਫ਼ਤਵੇ ਦਾ ਸਨਮਾਨ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਦੇਸ਼ ਨੂੰ ਸੰਕਟ ਵਿੱਚੋਂ ਕੱਢਣਾ ਪੀਐਮਐਲ-ਐਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਯਤਨ ਕਰਨ ਦਾ ਵੀ ਐਲਾਨ ਕੀਤਾ। ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਨੈਸ਼ਨਲ ਅਸੈਂਬਲੀ ਦੀਆਂ 265 ਸੀਟਾਂ ਵਿੱਚੋਂ 133 ਸੀਟਾਂ ਦੀ ਲੋੜ ਹੋਵੇਗੀ। ਪਰ ਇੱਕ ਉਮੀਦਵਾਰ ਦੀ ਮੌਤ ਤੋਂ ਬਾਅਦ ਇੱਕ ਸੀਟ ‘ਤੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਅਜਿਹੇ ‘ਚ ਬਹੁਮਤ ਹਾਸਲ ਕਰਨ ਲਈ 336 ‘ਚੋਂ 169 ਸੀਟਾਂ ਦੀ ਲੋੜ ਹੈ, ਜਿਸ ‘ਚ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਵੀ ਸ਼ਾਮਲ ਹਨ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਐਲਾਨੇ ਗਏ 220 ਨਤੀਜਿਆਂ ਵਿੱਚੋਂ ਨਵਾਜ਼ ਸ਼ਰੀਫ਼ ਦੀ ਪੀ.ਐਮ.ਐਲ.-ਐਨ ਨੇ 62 ਸੀਟਾਂ ਜਿੱਤੀਆਂ ਹਨ ਜਦਕਿ ਬਿਲਾਵਲ ਭੁੱਟੋ ਦੀ ਪੀਪੀਪੀ ਨੇ 49 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਇਮਰਾਨ ਖਾਨ ਦੀ ਪਾਰਟੀ ਦੇ ਸਮਰਥਨ ਵਾਲੇ ਕਈ ਆਜ਼ਾਦ ਉਮੀਦਵਾਰਾਂ ਸਮੇਤ 90 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ।