ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਦਾ ਰੁੱਖ ਕਰ ਲਿਆ ਹੈ। ਉੱਤਰ ਪ੍ਰਦੇਸ਼ ਤੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਨੋਇਡਾ ਵਿੱਚ ਰੋਕ ਲਿਆ ਹੈ। ਇਨ੍ਹਾਂ ਕਿਸਾਨਾਂ ਨੂੰ ਮਹਾਮਾਇਆ ਫਲਾਈਓਵਰ ਨੇੜੇ ਨੋਇਡਾ ਦੇ ਦਲਿਤ ਪ੍ਰੇਰਨਾ ਸਥਲ ਕੋਲ ਰੋਕਿਆ ਗਿਆ ਹੈ। ਇੱਥੇ ਕਿਸਾਨਾਂ ਦੀ ਭੀੜ ਲੱਗੀ ਹੋਈ ਹੈ, ਜਿਸ ਕਾਰਨ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਦਿੱਲੀ-ਨੋਇਡਾ ਬਾਰਡਰ ‘ਤੇ ਭਾਰੀ ਟ੍ਰੈਫਿਕ ਜਾਮ ਹੈ। ਪੁਲਿਸ ਨੇ ਇੱਥੇ ਪਹਿਲਾਂ ਹੀ ਰਸਤਿਆਂ ਨੂੰ ਮੋੜ ਦਿੱਤਾ ਸੀ। ਇੱਥੇ ਕਰੇਨ, ਬੁਲਡੋਜ਼ਰ, ਵਜਰਾ ਵਾਹਨਾਂ ਅਤੇ ਡਰੋਨ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ-ਨੋਇਡਾ ਸਰਹੱਦ ‘ਤੇ ਲੰਮਾ ਜਾਮ ਲੱਗਾ ਹੋਇਆ ਹੈ। ਕਈ ਰਸਤੇ ਮੋੜ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
ਦਿੱਲੀ-ਨੋਇਡਾ ਚਿੱਲਾ ਸਰਹੱਦ ‘ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ, ਤਾਂ ਜੋ ਉਹ ਆਪਣਾ ਧਰਨਾ ਖਤਮ ਕਰ ਸਕਣ। ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਧਾਰਾ 144 ਤਹਿਤ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਧਾਰਮਿਕ ਅਤੇ ਸਿਆਸੀ ਸਮੇਤ ਹੋਰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਦਾਦਰੀ, ਤਿਲਪਤਾ, ਸੂਰਜਪੁਰ, ਸਿਰਸਾ, ਰਾਮਪੁਰ-ਫਤਿਹਪੁਰ ਅਤੇ ਗ੍ਰੇਟਰ ਨੋਇਡਾ ਦੇ ਹੋਰ ਰੂਟਾਂ ‘ਤੇ ਮੋੜਨ ਬਾਰੇ ਚੇਤਾਵਨੀ ਦਿੱਤੀ ਹੈ।