ਭਾਰਤ ਦੇ ਨੌਜਵਾਨ ਕ੍ਰਿਕਟ ਸਿਤਾਰਿਆਂ ਨੇ ਇੱਕ ਵਾਰ ਫਿਰ ਤੋਂ ਆਪਣਾ ਜਾਦੂ ਦਿਖਾਇਆ ਹੈ। ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਆਈਸੀਸੀ ਪੁਰਸ਼ ਅੰਡਰ-19 ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਨੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦਿਆਂ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਦੈ ਸਹਾਰਨ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਰੋਮਾਂਚਕ ਸੈਮੀਫਾਈਨਲ ਮੈਚ ‘ਚ ਮਿਲੀ ਹਾਰ ਵਾਲੀ ਸਥਿੱਤੀ ਤੋਂ ਉਭਰਦੇ ਹੋਏ ਆਖਰੀ ਓਵਰ ‘ਚ 2 ਵਿਕਟਾਂ ਨਾਲ ਜਿੱਤ ਦਰਜ ਕਰਕੇ ਲਗਾਤਾਰ ਪੰਜਵੀਂ ਵਾਰ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ। ਕਪਤਾਨ ਸਹਾਰਨ (81) ਅਤੇ ਸਚਿਨ ਧਾਸ (96) ਨੇ ਇਸ ਮੈਚ ਵਿੱਚ ਟੀਮ ਨੂੰ ਜਿੱਤ ਵੱਲ ਲੈ ਕੇ ਗਏ, ਜਿਨ੍ਹਾਂ ਨੇ 171 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕਰਕੇ ਟੀਮ ਦੀ ਵਾਪਸੀ ਕਰਵਾਈ।
ਟੂਰਨਾਮੈਂਟ ‘ਚ ਗਰੁੱਪ ਗੇੜ ਤੋਂ ਲੈ ਕੇ ਸੁਪਰ ਸਿਕਸ ਤੱਕ ਆਪਣੇ ਸਾਰੇ ਮੈਚ ਜਿੱਤਣ ਵਾਲੀ ਟੀਮ ਇੰਡੀਆ ਨੂੰ ਇਸ ਵਿਸ਼ਵ ਕੱਪ ‘ਚ ਪਹਿਲੀ ਵਾਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਨੂੰ ਹਰਾ ਕੇ ਟੀਮ ਇੰਡੀਆ ਨੇ ਜ਼ਬਰਦਸਤ ਅੰਦਾਜ਼ ‘ਚ ਵਾਪਸੀ ਕੀਤੀ ਅਤੇ ਜਿੱਤ ਦਰਜ ਕੀਤੀ। ਬੇਨੋਨੀ ‘ਚ ਮੰਗਲਵਾਰ 6 ਫਰਵਰੀ ਨੂੰ ਖੇਡੇ ਗਏ ਇਸ ਸੈਮੀਫਾਈਨਲ ‘ਚ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਜਿੱਤ ਦੀ ਨੀਂਹ ਰੱਖੀ ਅਤੇ ਦੱਖਣੀ ਅਫਰੀਕਾ ਨੂੰ ਸਿਰਫ 244 ਦੌੜਾਂ ‘ਤੇ ਹੀ ਰੋਕ ਦਿੱਤਾ। ਇਸ ਤੋਂ ਬਾਅਦ ਟੀਮ ਇੰਡੀਆ ਨੇ 40 ਦੌੜਾਂ ਤੋਂ ਪਹਿਲਾਂ ਹੀ 4 ਵਿਕਟਾਂ ਗੁਆ ਦਿੱਤੀਆਂ ਸਨ ਪਰ ਫਿਰ ਉਦੈ ਅਤੇ ਸਚਿਨ ਨੇ ਯਾਦਗਾਰ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।