ਕੁੱਝ ਦਿਨ ਪਹਿਲਾ ਡੁਨੇਡਿਨ ‘ਚ ਪੰਜਾਬ ਦੇ ਨੌਜਵਾਨ ਗੁਰਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਹੁਣ ਪੁਲਿਸ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਪੁਲਿਸ ਦੇ ਹੱਥ ਕਾਤਲਾਂ ਦੀ ਪਹਿਚਾਣ ਸਬੰਧੀ ਪੁਖਤਾ ਸਬੂਤ ਲੱਗੇ ਹਨ ਹਾਲਾਂਕਿ ਇਸ ਦੌਰਾਨ ਦੋਸ਼ੀਆਂ ਦੇ ਦੇਸ਼ ਛੱਡ ਕੇ ਜਾਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦੀ ਕੋਸ਼ਿਸ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਗਰਦਨ ਤੱਕ ਪਹੁੰਚਿਆ ਜਾਵੇ। ਉੱਥੇ ਹੀ ਇਸ ਮਾਮਲੇ ‘ਚ ਹੇਟ ਕਰਾਈਮ ਦਾ ਪੱਖ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
ਦੱਸ ਦੇਈਏ ਗੁਰਜੀਤ ਸਿੰਘ ਮੱਲ੍ਹੀ ਪਿਛਲੇ 8 ਵਰ੍ਹਿਆਂ ਤੋਂ ਨਿਊਜ਼ੀਲੈਂਡ ਦੇ ਡੁਨੇਡਿਨ ਸ਼ਹਿਰ ਵਿੱਚ ਰਹਿ ਰਿਹਾ ਸੀ। ਗੁਰਜੀਤ ਸਿੰਘ ਮੱਲ੍ਹੀ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਗੁਰਜੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਕੋਲ 6 ਫ਼ਰਵਰੀ ਨੂੰ ਜਾਣਾ ਸੀ ਪ੍ਰੰਤੂ ਇਸ ਦਰਦਨਾਕ ਘਟਨਾ ਨੇ ਕਮਲਜੀਤ ਕੌਰ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਚਕਨਾਚੂਰ ਕਰ ਦਿੱਤਾ।