ਗਣਤੰਤਰ ਦਿਵਸ ਮੌਕੇ ਵੀਰਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ 110 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ ਦੋ ਅਤੇ ਹਰਿਆਣਾ ਦੇ ਚਾਰ ਵਿਅਕਤੀ ਸ਼ਾਮਿਲ ਹਨ। ਪੰਜਾਬ ਤੋਂ ਅਦਾਕਾਰਾ ਨਿਰਮਲ ਰਿਸ਼ੀ ਅਤੇ ਪ੍ਰਾਣ ਸੱਭਰਵਾਲ ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਨਿਰਮਲ ਰਿਸ਼ੀ ਇੱਕ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ (1983) ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਰੰਗਮੰਚ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਸਰੀਰਕ ਸਿੱਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਕਾਲਜ, ਪਟਿਆਲਾ ਵਿੱਚ ਦਾਖਲਾ ਲਿਆ। ਉਨ੍ਹਾਂ ਨੇ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।
ਪ੍ਰਾਣ ਸੱਭਰਵਾਲ ਪੰਜਾਬ ਦੇ ਇੱਕ ਅਨੁਭਵੀ ਅਦਾਕਾਰ ਅਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ। ਉਨ੍ਹਾਂ ਦਾ ਜਨਮ ਸਾਲ 1930 ਵਿੱਚ ਜਲੰਧਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਸਿਰਫ਼ ਨੌਂ ਸਾਲ ਦੇ ਸੀ ਤਾਂ ਉਨ੍ਹਾਂ ਦੀ ਅਦਾਕਾਰੀ ਵਿੱਚ ਰੁਚੀ ਬਣ ਗਈ ਸੀ। ਉਹ ਰਾਮਲੀਲਾ ਦੇਖਣ ਲਈ ਆਪਣੇ ਚਾਚੇ ਅਤੇ ਪਿਤਾ ਨਾਲ ਜਲੰਧਰ ਜਾਂਦੇ ਸੀ।