5 ਸਤੰਬਰ ਨੂੰ ਕਿਸਾਨਾਂ ਨੇ ਮੁਜ਼ੱਫਰਨਗਰ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ। ਇਸ ਮਹਾਪੰਚਾਇਤ ਵਿੱਚ ਦੇਸ਼ ਭਰ ਦੇ ਕਿਸਾਨਾਂ ਨੇ ਹਿੱਸਾ ਲਿਆ ਸੀ, ਉੱਥੇ ਹੀ ਇਸ ਦੌਰਾਨ ਕਿਸਾਨਾਂ ਨੇ ਕਰਨਾਲ ਲਾਠੀਚਾਰਜ ਦੇ ਵਿਰੋਧ ਵਿੱਚ 7 ਸਤੰਬਰ ਨੂੰ ਕਰਨਾਲ ਮਹਾਪੰਚਾਇਤ ਦਾ ਵੀ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਅੱਜ ਇੱਥੇ ਵੀ ਕੁੱਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਵੀ ਮਿਲਿਆ ਜੋ ਮੁਜ਼ੱਫਰਨਗਰ ਵਿੱਚ ਦੇਖਿਆ ਗਿਆ ਸੀ। ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਰਨਾਲ ਮਹਾਪੰਚਾਇਤ ਦੇ ਵਿੱਚ ਪਹੁੰਚੇ ਹਨ। ਇਸ ਸਮੇ ਕਰਨਾਲ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਸ਼ੁਰੂ ਹੋ ਗਈ ਹੈ। ਜ਼ਿਲ੍ਹੇ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਨਵੀਂ ਅਨਾਜ ਮੰਡੀ ਵਿੱਚ ਮਹਾਪੰਚਾਇਤ ਅਤੇ ਜ਼ਿਲ੍ਹਾ ਸਕੱਤਰੇਤ ਦੇ ਘਿਰਾਓ ਲਈ ਇਕੱਠੀਆਂ ਹੋਈਆਂ ਹਨ।
ਇਸ ਦੇ ਨਾਲ ਹੀ ਪੁਲਿਸ ਨੇ ਅਨਾਜ ਮੰਡੀ ਦੇ ਬਾਹਰ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਹਜ਼ਾਰਾਂ ਕਿਸਾਨ ਇਸ ਮਹਾਪੰਚਾਇਤ ਵਿੱਚ ਪਹੁੰਚ ਚੁੱਕੇ ਹਨ। ਉੱਥੇ ਹੀ ਅਨਾਜ ਮੰਡੀ ਵਿੱਚ ਆਯੋਜਿਤ ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੋਗਿੰਦਰ ਯਾਦਵ ਵੀ ਮੰਚ ‘ਤੇ ਪਹੁੰਚ ਗਏ ਹਨ। ਕਰਨਾਲ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਵਿੱਚ ਕਿਸੇ ਗੜਬੜੀ ਦੇ ਖਦਸ਼ੇ ਦੇ ਮੱਦੇਨਜ਼ਰ, ਸਰਕਾਰ ਨੇ 7 ਸਤੰਬਰ ਨੂੰ ਰਾਤ 11:59 ਵਜੇ ਤੱਕ ਕੁਰੂਕਸ਼ੇਤਰ, ਜੀਂਦ, ਪਾਣੀਪਤ ਅਤੇ ਕੈਥਲ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਵੀ ਫੈਸਲਾ ਕੀਤਾ ਹੈ।