ਐਤਵਾਰ ਨੂੰ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਬੰਦੂਕਧਾਰੀ ਨੇ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਮਾਂ ਅਤੇ ਉਸਦੀ ਧੀ ਵੀ ਸ਼ਾਮਿਲ ਸੀ। ਫਲੋਰੀਡਾ ਸ਼ੈਰਿਫ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀ ਨਾਲ ਪੁਲਿਸ ਦਾ ਮੁਕਾਬਲਾ ਐਤਵਾਰ ਤੜਕੇ ਹੋਇਆ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਮਾਂ ਤੇ ਧੀ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮਾਂ ਨੇ ਆਪਣੀ ਬੱਚੀ ਨੂੰ ਆਖਰੀ ਸਾਹਾਂ ਤੱਕ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਸੀ। ਪੋਲਕ ਕਾਉਂਟੀ ਦੇ ਸ਼ੈਰਿਫ ਗ੍ਰੇਡੀ ਜੁਡ ਨੇ ਕਿਹਾ ਕਿ ਸ਼ੱਕੀ ਵਿਅਕਤੀ ਪੂਰੀ ਤਰ੍ਹਾਂ ਗੋਲਾ-ਬਾਰੂਦ ਨਾਲ ਲੈਸ ਸੀ ਅਤੇ ਉਸ ਨੇ ਬੁਲੇਟ ਪਰੂਫ ਵੈਸਟ ਪਾਇਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਉਸ ਨੂੰ ਲੇਕਲੈਂਡ ਵਿੱਚ ਇੱਕ ਘਰ ਦੇ ਬਾਹਰ ਘੇਰਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਸ਼ੱਕੀ ਨੇ ਪੁਲਿਸ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ, ਦੱਖਣੀ ਕੈਰੋਲੀਨਾ ਦੇ ਇੱਕ ਹਾਈ ਸਕੂਲ ਤੋਂ ਅਜਿਹੀ ਹੀ ਇੱਕ ਘਟਨਾ ਦੀ ਖਬਰ ਮਿਲੀ ਸੀ, ਜਿੱਥੇ 18 ਅਗਸਤ ਨੂੰ ਛੁੱਟੀਆਂ ਤੋਂ ਬਾਅਦ ਇੱਕ ਪਾਰਕਿੰਗ ਖੇਤਰ ਵਿੱਚ ਤਿੰਨ ਵਿਦਿਆਰਥੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਕੂਲ ਕੁੱਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਔਰੇਂਜਬਰਗ-ਵਿਲਕਿਨਸਨ ਹਾਈ ਸਕੂਲ ਦੇ ਤਿੰਨ ਵਿਦਿਆਰਥੀ ਜ਼ਖਮੀ ਹੋਏ ਹਨ। ਹਾਲਾਂਕਿ, ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ।