ਸ਼ੁੱਕਰਵਾਰ ਨੂੰ ਆਕਲੈਂਡ ਸੁਪਰਮਾਰਕੀਟ ਵਿੱਚ ਇੱਕ ਹਮਲਾਵਰ ਦੇ ਵੱਲੋ ਚਾਕੂ ਦੇ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਵਾਰਦਾਤ ਵਿੱਚ 7 ਲੋਕ ਜਖਮੀ ਹੋ ਗਏ ਸੀ। ਉੱਥੇ ਹੀ ਇਸ ਘਟਨਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੇ ਸਾਰੇ ਗੁਰੂਘਰਾਂ ਵੱਲੋ ਸਿੱਖ ਸੰਗਤਾਂ ਨੂੰ ਸ੍ਰੀ ਸਾਹਿਬ ਨੂੰ ਲੈ ਕੇ ਇੱਕ ਖਾਸ ਅਪੀਲ ਕੀਤੀ ਗਈ ਹੈ। ਗੁਰੂਘਰਾਂ ਨੇ ਅਪੀਲ ਕੀਤੀ ਹੈ ਕਿ ਅੰਮ੍ਰਿਤਧਾਰੀ ਸਿੱਖ ਭਾਵੇਂ ਮਰਦ ਹੋਣ ਜਾਂ ਔਰਤਾਂ ਉਹ ਘਰ ਤੋਂ ਬਾਹਰ ਜਾਣ ਸਮੇਂ ਸ੍ਰੀ ਸਾਹਿਬ/ਕ੍ਰਿਪਾਨ ਨੂੰ ਕੱਪੜਿਆਂ ਦੇ ਅੰਦਰ ਦੀ ਪਾਉਣ। ਇਹ ਅਪੀਲ ਤਾਂ ਕੀਤੀ ਗਈ ਹੈ ਤਾਂ ਕਿ ਸਿੱਖਾਂ ਨੂੰ ਸ੍ਰੀ ਸਾਹਿਬ/ਕ੍ਰਿਪਾਨ ਨੂੰ ਲੈ ਕੇ ਕਿਸੇ ਅਣਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਏ।
ਦਰਅਸਲ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਨੇ ਜਨਤਕ ਥਾਵਾਂ ਅਤੇ ਬਜ਼ਾਰਾਂ ਦੇ ਵਿੱਚ ਚੈਕਿੰਗ ਅਤੇ ਸਖਤੀ ਵਧਾ ਦਿੱਤੀ ਹੈ। ਉੱਥੇ ਹੀ ਇਸ ਦੌਰਾਨ ਸ੍ਰੀ ਸਾਹਿਬ/ਕ੍ਰਿਪਾਨ ਨੂੰ ਲੈ ਕੇ ਕੁੱਝ ਥਾਵਾਂ ਤੋਂ ਬਹਿਸ ਅਤੇ ਝਗੜੇ ਦੀਆ ਖਬਰਾਂ ਵੀ ਸਾਹਮਣੇ ਆਈਆਂ ਹਨ। ਜਿਸ ਕਾਰਨ ਗੁਰੂਘਰਾਂ ਦੀਆਂ ਕਮੇਟੀਆਂ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਪੁਲਿਸ ਦੇ ਸਟਾਫ ਮੈਂਬਰਾਂ ਨੂੰ ਸ੍ਰੀ ਸਾਹਿਬ/ਕ੍ਰਿਪਾਨ ਬਾਰੇ ਗਿਆਨ ਅਤੇ ਜਾਣਕਰੀ ਨਹੀਂ ਹੈ, ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਬੱਚਣ ਲਈ ਜਦੋਂ ਤੱਕ ਇਹ ਮਾਮਲਾ ਠੰਡਾ ਨਹੀਂ ਹੁੰਦਾ ਓਦੋਂ ਤੱਕ ਇਸ ਅਪੀਲ ਨੂੰ ਮੰਨਣ ਦੀ ਬੇਨਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਅਪੀਲ ਦਾ ਇੱਕ ਮੁੱਖ ਮਕਸਦ ਇਹ ਵੀ ਹੈ ਕਿ ਨਿਊਜ਼ੀਲੈਂਡ ਵਿੱਚ ਪਾਰਲੀਮੈਂਟ ਰਾਹੀਂ ਸ੍ਰੀ ਸਾਹਿਬ/ਕ੍ਰਿਪਾਨ ਨੂੰ ਕਾਨੂੰਨੀ ਮਾਨਤਾ ਦਿਵਾਉਣ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।