ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ: ਐਸ਼ਲੇ ਬਲੂਮਫੀਲਡ ਨੇ ਸ਼ੁੱਕਰਵਾਰ ਰਾਤ ਨੂੰ ਕੋਵਿਡ -19 ਕਾਰਨ ਆਪਣੀ ਜਾਨ ਗਵਾਉਣ ਵਾਲੀ ਮਹਿਲਾ ਦੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਦੁੱਖ ਸਾਂਝਾ ਕੀਤਾ ਹੈ। ਆਰਡਰਨ ਨੇ ਕਿਹਾ, “ਹਰ ਮੌਤ ਕੋਵਿਡ -19 ਦੇ ਨੁਕਸਾਨ ਦੀ ਯਾਦ ਦਿਵਾਉਂਦੀ ਹੈ ਜਦੋਂ ਇਹ ਸਾਡੇ ਭਾਈਚਾਰੇ ਵਿੱਚ ਹੁੰਦੀ ਹੈ।” 90 ਸਾਲਾਂ ਮਹਿਲਾ ਨੂੰ 28 ਅਗਸਤ ਨੂੰ ਘਰ ਤੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਇੱਕ ਕੇਸ ਦੀ ਘਰੇਲੂ ਸੰਪਰਕ ਸੀ ਅਤੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਕੇਸ ਵਜੋਂ ਪੁਸ਼ਟੀ ਕੀਤੀ ਗਈ ਸੀ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੁੱਲ ਕੋਵਿਡ -19 ਮੌਤਾਂ ਦੀ ਗਿਣਤੀ ਹੁਣ 27 ਹੋ ਗਈ ਹੈ।
ਆਰਡਰਨ ਨੇ ਕਿਹਾ, “ਸਾਡੇ ਬਜ਼ੁਰਗ ਨਿਊਜ਼ੀਲੈਂਡ ਵਾਸੀ ਅਤੇ ਉਹ ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਵਾਇਰਸ ਦਾ ਸਭ ਤੋਂ ਵੱਧ ਖਤਰਾ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਇੱਕ ਮਹੱਤਵਪੂਰਨ ਸਾਧਨ ਹੈ।” ਉੱਥੇ ਹੀ ਬਲੂਮਫੀਲਡ ਨੇ ਕਿਹਾ, “ਇਹ ਸਮਾਂ ਸਾਡੇ ਸਾਰਿਆਂ ਲਈ ਆਪਣੀ ਡੂੰਘੀ ਹਮਦਰਦੀ ਪੇਸ਼ ਕਰਨ ਦਾ ਹੈ, ਇਸ ਦੇ ਨਾਲ ਹੀ ਅਸੀਂ ਪਰਿਵਾਰ ਦੀ ਨਿੱਜਤਾਂ ਦਾ ਵੀ ਆਦਰ ਕਰਦੇ ਹਾਂ।” ਉੱਥੇ ਹੀ ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 20 ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ।