ਸਾਲ 2023 ਮਿੱਠੀਆਂ ਅਤੇ ਖੱਟੀਆਂ ਯਾਦਾਂ ਨਾਲ ਬੀਤਿਆ ਅਤੇ ਹੁਣ ਸਾਲ 2023 ਦੀ 2024 ਨੇ ਜਗ੍ਹਾ ਲੈ ਲਈ ਹੈ। ਨਵੇਂ ਸਾਲ ਦੇ ਸਵਾਗਤ ਨੂੰ ਲੈ ਕੇ ਪੂਰੀ ਦੁਨੀਆ ‘ਚ ਜਸ਼ਨ ਦਾ ਮਾਹੌਲ ਹੈ। ਭਾਰਤ ਸਮੇਤ ਦੁਨੀਆ ਭਰ ‘ਚ ਨਵੇਂ ਸਾਲ ਦਾ ਸਵਾਗਤ ਬੜੇ ਉਤਸ਼ਾਹ ਨਾਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੋਈ ਅਤੇ ਇਸ ਦੇ ਨਾਲ ਹੀ ਜਸ਼ਨ ਵੀ ਸ਼ੁਰੂ ਹੋ ਗਏ। ਭਾਰਤ ਵਿੱਚ ਰਾਜਧਾਨੀ ਦਿੱਲੀ, ਮੁੰਬਈ, ਕੋਲਕਾਤਾ, ਸ੍ਰੀਨਗਰ, ਚੰਡੀਗੜ੍ਹ, ਭੋਪਾਲ, ਪਟਨਾ ਅਤੇ ਲਖਨਊ ਸਮੇਤ ਦੇਸ਼ ਭਰ ਵਿੱਚ ਲੋਕ 12 ਵਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਘੜੀ ਦੇ 12 ਵੱਜੇ ਤਾਂ ਲੋਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਨਵੇਂ ਸਾਲ ‘ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਅਤੇ ਹਫੜਾ-ਦਫੜੀ ‘ਤੇ ਕਾਬੂ ਪਾਉਣ ਲਈ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸਾਲ 2024 ਨੂੰ ਮਨਾਉਣ ਵਾਲੇ ਪਹਿਲੇ ਦੇਸ਼ ਹਨ। ਨਿਊਜ਼ੀਲੈਂਡ ਵਿੱਚ ਭਾਰਤੀ ਸਮੇਂ ਅਨੁਸਾਰ 4:30 ਵਜੇ 12 ਵੱਜ ਗਏ ਸਨ ਅਤੇ ਉੱਥੇ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ ਸੀ। ਰਾਤ 12 ਵਜੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਢਾਂਚੇ ਸਕਾਈ ਟਾਵਰ ‘ਤੇ ਨਵੇਂ ਸਾਲ ਦਾ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।