ਇਸ ਸਮੇਂ ਬਾਲੀਵੁੱਡ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋ ਗਿਆ ਹੈ। ਸਿਧਾਰਥ ਸ਼ੁਕਲਾ 40 ਸਾਲਾਂ ਦੇ ਸਨ। ਹੁਣ ਤੱਕ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ, ਉਨ੍ਹਾਂ ਨੂੰ ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ।
ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਦਾਕਾਰ ਸਿਧਾਰਥ ਸ਼ੁਕਲਾ ਨੇ ਸੌਣ ਤੋਂ ਪਹਿਲਾਂ ਕੋਈ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਨਹੀਂ ਸਕੇ। ਹਸਪਤਾਲ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਸਿਧਾਰਥ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਕਾਰਨ ਸਮੁੱਚਾ ਬਾਲੀਵੁੱਡ ਅਤੇ ਟੀਵੀ ਉਦਯੋਗ ਸੋਗ ਵਿੱਚ ਹੈ। ਸਾਰੇ ਅਦਾਕਾਰਾਂ ਵੱਲੋ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਜਾਂ ਰਹੀ ਹੈ।
ਟੀਵੀ ਇੰਡਸਟਰੀ ਦੇ ਵੱਡੇ ਨਾਮ ਸਿਧਾਰਥ ਸ਼ੁਕਲਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਦਾ 13 ਵਾਂ ਸੀਜ਼ਨ ਜਿੱਤਿਆ ਸੀ, ਇਸ ਤੋਂ ਇਲਾਵਾ ਉਸ ਨੇ ਖਤਰੋਂ ਕੇ ਖਿਲਾੜੀ ਦਾ ਸੱਤਵਾਂ ਸੀਜ਼ਨ ਵੀ ਜਿੱਤਿਆ ਸੀ। ਸੀਰੀਅਲ ਬਾਲਿਕਾ ਵਧੂ ਤੋਂ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਹਰ ਘਰ ਵਿੱਚ ਆਪਣੀ ਪਛਾਣ ਬਣਾਈ ਸੀ। 12 ਦਸੰਬਰ 1980 ਨੂੰ ਮੁੰਬਈ ਵਿੱਚ ਜਨਮੇ ਸਿਧਾਰਥ ਸ਼ੁਕਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਰੂਪ ਵਿੱਚ ਕੀਤੀ ਸੀ। ਸਾਲ 2004 ਵਿੱਚ, ਸਿਧਾਰਥ ਨੇ ਟੀਵੀ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
2008 ਵਿੱਚ, ਉਹ ਇੱਕ ਟੀਵੀ ਸੀਰੀਅਲ ਬਾਬੁਲ ਕਾ ਆਂਗਨ ਛੋਟੇ ਨਾ ਵਿੱਚ ਨਜ਼ਰ ਆਇਆ ਸੀ, ਪਰ ਉਸਦੀ ਅਸਲ ਪਛਾਣ ਸੀਰੀਅਲ ਬਾਲਿਕਾ ਵਧੂ ਤੋਂ ਬਣੀ ਸੀ, ਜਿਸ ਨੇ ਸਿਧਾਰਥ ਨੂੰ ਘਰ -ਘਰ ਪਹੁੰਚਾਇਆ ਸੀ। ਟੀਵੀ ਉਦਯੋਗ ਵਿੱਚ ਸਫਲਤਾ ਤੋਂ ਬਾਅਦ, ਸਿਧਾਰਥ ਸ਼ੁਕਲਾ ਨੇ ਵੀ ਬਾਲੀਵੁੱਡ ਵੱਲ ਰੁੱਖ ਕੀਤਾ ਸੀ। ਉਹ 2014 ਦੀ ਫਿਲਮ ਹੰਪਟੀ ਸ਼ਰਮਾ ਕੀ ਦੁਲਹਨੀਆ ਵਿੱਚ ਵੀ ਨਜ਼ਰ ਆਏ ਸਨ। ਉਸੇ ਸਾਲ, ਸਿਧਾਰਥ ਦੀ ਬ੍ਰੋਕਨ ਬਟ ਬਿਊਟੀਫੁਲ ਨਾਂ ਦੀ ਵੈਬ ਸੀਰੀਜ਼ ਆਈ ਸੀ, ਜਿਸ ਨੇ ਬਹੁਤ ਸੁਰਖੀਆਂ ਬਟੋਰੀਆਂ ਸਨ।