ਇਨ੍ਹੀਂ ਦਿਨੀਂ ਬੰਗਲਾਦੇਸ਼ ਦੀ ਟੀਮ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਖੇਡ ਰਹੀ ਹੈ। ਬੰਗਲਾਦੇਸ਼ ਦੀ ਟੀਮ ਨੇ ਨੇਪੀਅਰ ‘ਚ ਨਿਊਜ਼ੀਲੈਂਡ ਖਿਲਾਫ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਪੂਰੀ ਟੀਮ ਨੂੰ 98 ਦੌੜਾਂ ‘ਤੇ ਪਵੇਲੀਅਨ ਭੇਜ ਦਿੱਤਾ। ਇਹ ਨਿਊਜ਼ੀਲੈਂਡ ਦਾ ਬੰਗਲਾਦੇਸ਼ ਖਿਲਾਫ ਸਭ ਤੋਂ ਘੱਟ ਸਕੋਰ ਸੀ। ਇਸ ਮਗਰੋਂ ਬੰਗਲਾਦੇਸ਼ ਦੀ ਟੀਮ ਨੇ 15ਵੇਂ ਓਵਰ ਦੀ ਪਹਿਲੀ ਗੇਂਦ ‘ਤੇ 1 ਵਿਕਟ ਗੁਆ ਕੇ ਮੈਚ ਜਿੱਤ ਲਿਆ। ਹਾਲਾਂਕਿ ਬੰਗਲਾਦੇਸ਼ ਦੀ ਟੀਮ ਸੀਰੀਜ਼ ਜਿੱਤਣ ‘ਚ ਸਫਲ ਨਹੀਂ ਹੋ ਸਕੀ। ਨਿਊਜ਼ੀਲੈਂਡ ਨੇ ਸੀਰੀਜ਼ ਦੇ ਪਹਿਲੇ ਦੋ ਮੈਚ ਜਿੱਤੇ ਸਨ।
ਨਿਊਜ਼ੀਲੈਂਡ ਦੇ ਕਪਤਾਨ ਲੈਥਮ ਨੇ ਇਸ ਨੂੰ ਟੀਮ ਦਾ ਖਰਾਬ ਪ੍ਰਦਰਸ਼ਨ ਦੱਸਿਆ ਅਤੇ ਮੈਚ ‘ਚ ਜਿੱਤ ਦਾ ਸਿਹਰਾ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਕੋਈ ਵੱਡੀ ਸਾਂਝੇਦਾਰੀ ਕਰਨ ‘ਚ ਅਸਫਲ ਰਹੇ। ਇਸ ਕਾਰਨ ਅਸੀਂ ਵਿਰੋਧੀ ਟੀਮ ‘ਤੇ ਕੋਈ ਦਬਾਅ ਨਹੀਂ ਬਣਾਇਆ ਅਤੇ ਲਗਾਤਾਰ ਵਿਕਟਾਂ ਗੁਆਉਂਦੇ ਰਹੇ। ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਗੇਂਦ ਦੀ ਸ਼ਾਨਦਾਰ ਲੈਂਥ ਨੂੰ ਪਛਾਣਿਆ ਅਤੇ ਵਿਕਟਾਂ ਲਈਆਂ।