ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਇੱਕ ਤੇਜ਼ ਰਫ਼ਤਾਰ ਟਿੱਪਰ ਸੰਤੁਲਨ ਵਿਗੜਨ ਕਾਰਨ ਕਾਰ ‘ਤੇ ਪਲਟ ਗਿਆ। ਟਿੱਪਰ ਪੱਥਰਾਂ ਨਾਲ ਲੱਦਿਆ ਹੋਇਆ ਸੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ। ਪਰ ਇੱਕ ਚਾਰ ਸਾਲ ਦੀ ਬੱਚੀ ਸੁਰੱਖਿਅਤ ਹੈ। ਜਾਣਕਾਰੀ ਅਨੁਸਾਰ ਇਹ ਪਰਿਵਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਮੋਗਾ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ।
ਇਹ ਹਾਦਸਾ ਪਿੰਡ ਬੁੱਟਰ ਨੇੜੇ ਵਾਪਰਿਆ ਹੈ। ਜਾਨ ਗੁਆਉਣ ਵਾਲਿਆਂ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਅਤੇ ਦੋ ਹੋਰ ਸ਼ਾਮਿਲ ਹਨ। ਨਿਹਾਲ ਸਿੰਘ ਵਾਲਾ ਦੇ ਡੀਐਸਪੀ ਨੇ ਦੱਸਿਆ ਕਿ ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਪਿੰਡ ਬੁੱਟਰ ਨੇੜੇ ਸ਼ੁੱਕਰਵਾਰ ਨੂੰ ਇੱਕ ਤੇਜ਼ ਰਫ਼ਤਾਰ ਪੱਥਰ ਨਾਲ ਭਰਿਆ ਟਿੱਪਰ ਸੰਤੁਲਨ ਵਿਗੜਨ ਕਾਰਨ ਇੱਕ ਕਾਰ ’ਤੇ ਪਲਟ ਗਿਆ। ਇਸ ਦਰਦਨਾਕ ਹਾਦਸੇ ‘ਚ ਕਾਰ ‘ਚ ਫਸੇ ਚਾਰ ਲੋਕਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢ ਕੇ ਗੰਭੀਰ ਹਾਲਤ ‘ਚ ਮੋਗਾ ਦੇ ਸਰਕਾਰੀ ਹਸਪਤਾਲ ‘ਚ ਭੇਜਿਆ ਗਿਆ ਸੀ। ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਕਾਰ ਸਵਾਰ ਇੱਕ ਚਾਰ ਸਾਲ ਦੀ ਬੱਚੀ ਸੁਰੱਖਿਅਤ ਹੈ।