ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਨੇ ਲਾਈਵ ਹੋ ਕੇ ਵੱਡਾ ਦੋਸ਼ ਲਾਇਆ ਹੈ। ਜਿਸ ਵਿੱਚ ਸਿੰਗਰ ਨੇ ਥਾਣਾ ਸਿਟੀ ਕਪੂਰਥਲਾ ਅਤੇ ਫਿਰ ਅਜਨਾਲਾ ਵਿੱਚ ਅਗਸਤ ਮਹੀਨੇ ਵਿੱਚ ਦਰਜ ਹੋਏ ਕੇਸ ਨੂੰ ਰਫਾ ਦਫਾ ਕਰਨ ਲਈ 10 ਲੱਖ ਰੁਪਏ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਗਾਇਕ ਨੇ ਕਾਰ ਵਿਚ ਲਾਈਵ ਹੁੰਦੇ ਹੋਏ ਇਹ ਵੀ ਖੁਲਾਸਾ ਕੀਤਾ ਹੈ ਕਿ ਪੈਸੇ ਨਾ ਦੇਣ ‘ਤੇ ਉਸ ਨੂੰ ਸਟੇਜ ਤੋਂ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਮਿਲੀਆਂ ਸਨ। ਦੂਜੇ ਪਾਸੇ ਐਸਐਸਪੀ ਕਪੂਰਥਲਾ ਨੇ ਕਿਹਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਗਾਇਕ ਸਿੰਘਾ ਦਾ ਨਵਾਂ ਗੀਤ ਸਟਿਲ ਅਲਾਈਵ ਲਾਂਚ ਹੋਇਆ ਸੀ। ਜਿਸ ‘ਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਅਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਭੀਮ ਰਾਓ ਯੁਵਾ ਫੋਰਸ ਦੇ ਮੁਖੀ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਕਪੂਰਥਲਾ ‘ਚ ਧਾਰਾ 294 ਅਤੇ 120ਬੀ ਤਹਿਤ ਸਿੰਗਾ ਸਮੇਤ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। .
ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਾਸੀ ਪਿੰਡ ਜਗਨੀਵਾਲ ਹੁਸ਼ਿਆਰਪੁਰ ਪਿਛਲੇ ਸਮੇਂ ਦੌਰਾਨ ਹਥਿਆਰਾਂ ਵਾਲੇ ਗੀਤਾਂ ਨੂੰ ਵਧਾਵਾ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ’ਤੇ ਜਾਣ ਲਈ ਉਕਸਾਉਂਦਾ ਰਿਹਾ ਹੈ। ਹੁਣ ਸਿੰਗਾ ਨੇ ਇੱਕ ਨਵਾਂ ਗੀਤ ਸਟਿਲ ਅਲਾਈਵ ਲਾਂਚ ਕੀਤਾ ਹੈ। ਇਸ ਵਿੱਚ ਅਸ਼ਲੀਲਤਾ ਪਰੋਸੀ ਗਈ ਹੈ, ਜਿਸ ਨੂੰ ਪਰਿਵਾਰ ਸਮੇਤ ਨਹੀਂ ਦੇਖਿਆ ਜਾ ਸਕਦਾ। ਇਸੇ ਮਾਮਲੇ ‘ਤੇ ਹੁਣ ਗਾਇਕ ਸਿੰਗਾ ਨੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਕੀਲ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਖਿਲਾਫ ਪਹਿਲਾਂ ਪਹਿਲਾਂ ਕਪੂਰਥਲਾ ਅਤੇ ਫਿਰ ਅਜਨਾਲਾ ‘ਚ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਿੰਗਾ ਨੇ ਦੋਸ਼ ਲਾਇਆ ਕਿ ਉਨ੍ਹਾਂ ਤੋਂ ਮਾਮਲਾ ਰਫਾ ਦਫ਼ਾ ਕਰਨ ਲਈ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਪਰਿਵਾਰ ਬਹੁਤ ਪਰੇਸ਼ਾਨ ਹੈ।
ਸਿੰਗਾ ਨੇ ਕਿਹਾ ਕਿ ਉਸ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਸ ਨੂੰ ਚੱਲਦੇ ਸਟੇਜ ਸ਼ੋਅ ਤੋਂ ਚੱਕਣ ਬਾਰੇ ਕਿਹਾ ਜਾ ਰਿਹਾ ਹੈ। ਸਿੰਗਾ ਨੇ ਦੋਸ਼ ਲਾਇਆ ਕਿ ਉਸ ਦਾ ਪਿਤਾ ਕਦੇ ਇਸ ਥਾਣੇ ਤੇ ਕਦੇ ਉਸ ਥਾਣੇ ਦੇ ਚੱਕਰ ਲਾ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਹੋ ਰਹੀ ਹੈ ਤਾਂ ਜੋ ਉਹ ਆਪਣਾ ਪੱਖ ਪੇਸ਼ ਕਰ ਸਕੇ। ਸਿੰਗਾ ਨੇ ਕਿਹਾ ਕਿ ਬਹੁਤ ਹੋ ਗਿਆ, ਉਹ ਹੁਣ ਆਪਣੇ ਪਰਿਵਾਰ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦਾ, ਇਸ ਲਈ ਉਹ ਲਾਈਵ ਹੋ ਰਿਹਾ ਹੈ।
ਸਿੰਗਾ ਨੇ ਕਿਹਾ ਕਿ ਉਸ ਕੋਲ ਸਾਰੇ ਸਬੂਤ ਹਨ ਅਤੇ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਈ-ਮੇਲ 21 ਲੋਕਾਂ ਦੇ ਨਾਂ ‘ਤੇ ਹੈ, ਜੋ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਜੇਕਰ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ ਤਾਂ ਉਨ੍ਹਾਂ ਨੂੰ ਸਜ਼ਾ ਦਿਓ, ਪਰ ਅਜਿਹਾ ਬਲੈਕਮੇਲ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਅਜਿਹੀਆਂ ਝੂਠੀਆਂ ਐਫਆਈਆਰਜ਼ ਸਿਰਫ਼ ਬਲੈਕਮੇਲਿੰਗ ਲਈ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਗੰਭੀਰ ਵਰਤਾਰਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਸਿੰਗਾ ਦੇ ਲਾਈਵ ‘ਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਉਸ ਤੋਂ ਪੈਸੇ ਦੀ ਮੰਗ ਕਰ ਰਹੀ ਸੀ ਜਾਂ ਸ਼ਿਕਾਇਤਕਰਤਾ, ਜੋ ਕਿ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਮੀਡੀਆ ਰਾਹੀਂ ਆਇਆ ਹੈ। ਉਹ ਲਾਈਵ ਵੀਡੀਓ ਦੇਖ ਕੇ ਮਾਮਲੇ ਦੀ ਪੁਸ਼ਟੀ ਕਰਨਗੇ। ਇਸ ਮਾਮਲੇ ਵਿੱਚ ਜੋ ਵੀ ਸ਼ਾਮਿਲ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।