ਮੰਗਲਵਾਰ ਨੂੰ ਸੈਨ ਡਿਏਗੋ ਦੇ ਤੱਟ ‘ਤੇ ਅਮਰੀਕੀ ਜਲ ਸੈਨਾ ਦਾ ਐਮਐਚ -60 ਐਸ ਸੀ ਹਾਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਸ ਹੈਲੀਕਾਪਟਰ ਵਿੱਚ ਸਵਾਰ ਚਾਲਕ ਦਲ ਦੇ ਮੈਂਬਰ ਸਮੇਤ ਪਾਇਲਟ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬੁੱਧਵਾਰ ਨੂੰ ਅਮਰੀਕਾ ਵੱਲੋ ਜਾਰੀ ਕੀਤੇ ਗਏ ਬਿਆਨ ਵਿੱਚ ਜਲ ਸੈਨਾ ਨੇ ਕਿਹਾ ਕਿ ਪਾਇਲਟ ਅਤੇ ਚਾਲਕ ਦਲ ਦੇ ਮੈਂਬਰ ਦੀ ਭਾਲ ਵਿੱਚ ਇੱਕ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।
ਜਲ ਸੈਨਾ ਨੂੰ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ ਕਿ MH-60S ਹੈਲੀਕਾਪਟਰ ਵਿੱਚ ਉਡਾਣ ਦੌਰਾਨ ਕਿੰਨੇ ਲੋਕ ਸਵਾਰ ਸਨ। ਹਾਲਾਂਕਿ, ਇਸ ਹੈਲੀਕਾਪਟਰ ਵਿੱਚ ਆਮ ਤੌਰ ‘ਤੇ ਚਾਰ ਲੋਕਾਂ ਦਾ ਅਮਲਾ ਹੁੰਦਾ ਹੈ। ਜਲ ਸੈਨਾ ਦਾ ਕਹਿਣਾ ਹੈ ਕਿ ਉਡਾਣ ਦੇ ਸਮੇਂ ਹੈਲੀਕਾਪਟਰ ਵਿੱਚ ਸਮੁੱਚਾ ਚਾਲਕ ਦਲ ਸੀ ਜਾਂ ਨਹੀਂ, ਇਹ ਅਜੇ ਪਤਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਮਐਚ -60 ਐਸ ਹੈਲੀਕਾਪਟਰਾਂ ਦੀ ਵਰਤੋਂ ਯੁੱਧ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਮਨੁੱਖੀ ਆਫ਼ਤ, ਰਾਹਤ, ਖੋਜ, ਬਚਾਅ ਵਰਗੇ ਮਿਸ਼ਨਾਂ ਵਿੱਚ ਕੀਤੀ ਜਾਂਦੀ ਹੈ।