ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਤੋਂ ਠੀਕ ਪਹਿਲਾਂ ਹਾਰਦਿਕ ਪਾਂਡਿਆ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਮੁੰਬਈ ਨੇ ਪਾਂਡਿਆ ਲਈ ਗੁਜਰਾਤ ਟਾਇਟਨਸ ਨਾਲ ਸੌਦਾ ਕੀਤਾ ਸੀ। ਇਸ ਤੋਂ ਪਹਿਲਾਂ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਸੰਭਾਲ ਰਹੇ ਸਨ। ਰੋਹਿਤ ਲੰਬੇ ਸਮੇਂ ਤੱਕ ਟੀਮ ਦੇ ਕਪਤਾਨ ਰਹੇ ਹਨ। ਉਨ੍ਹਾਂ ਦੀ ਮੌਜੂਦਗੀ ‘ਚ ਮੁੰਬਈ ਨੇ ਪੰਜ ਵਾਰ ਖਿਤਾਬ ਜਿੱਤਿਆ ਹੈ। ਪਰ ਹੁਣ ਰੋਹਿਤ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪਾਂਡਿਆ ਨੇ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਹੈ।
ਮੁੰਬਈ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇੱਕ ਬਿਆਨ ਜਾਰੀ ਕਰਕੇ ਪਾਂਡਿਆ ਨੂੰ ਕਪਤਾਨ ਬਣਾਉਣ ਦੀ ਖਬਰ ਸਾਂਝੀ ਕੀਤੀ ਹੈ। ਮੁੰਬਈ ਨੇ ਬਿਆਨ ‘ਚ ਲਿਖਿਆ, ”ਮੁੰਬਈ ਇੰਡੀਅਨਜ਼ ਅੱਜ ਕਪਤਾਨੀ ‘ਚ ਬਦਲਾਅ ਦਾ ਐਲਾਨ ਕਰ ਰਹੀ ਹੈ। ਆਲਰਾਊਂਡਰ ਹਾਰਦਿਕ ਪਾਂਡਿਆ ਅਗਲੇ ਸੀਜ਼ਨ ‘ਚ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਮੁੰਬਈ ਹੁਣ ਤੱਕ ਸਫਲ ਰਹੀ ਹੈ।ਟੀਮ ਨੇ ਲਿਖਿਆ, ਸਾਡੀ ਟੀਮ ਰੋਹਿਤ ਸ਼ਰਮਾ ਦੀ ਧੰਨਵਾਦੀ ਹੈ। ਉਨ੍ਹਾਂ ਦਾ 2013 ਤੋਂ ਹੁਣ ਤੱਕ ਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ। ਉਹ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਵਧੀਆ ਕਪਤਾਨਾਂ ਵਿੱਚੋਂ ਇੱਕ ਹਨ।”
ਪਾਂਡਿਆ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਰਹੇ ਸਨ। ਗੁਜਰਾਤ ਨੇ ਪਾਂਡਿਆ ਦੀ ਕਪਤਾਨੀ ਵਿੱਚ ਇੱਕ ਖਿਤਾਬ ਵੀ ਜਿੱਤਿਆ ਸੀ ਅਤੇ ਟੀਮ ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਵੀ ਪਹੁੰਚੀ ਸੀ। ਜੇਕਰ ਅਸੀਂ IPL ‘ਚ ਹਾਰਦਿਕ ਦੇ ਨਿੱਜੀ ਪ੍ਰਦਰਸ਼ਨ ‘ਤੇ ਨਜ਼ਰ ਮਾਰੀਏ ਤਾਂ ਉਹ ਸ਼ਾਨਦਾਰ ਰਿਹਾ ਹੈ। ਪਾਂਡਿਆ ਨੇ ਹੁਣ ਤੱਕ 123 IPL ਮੈਚ ਖੇਡੇ ਹਨ। ਇਸ ਦੌਰਾਨ 2309 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਪਾਂਡਿਆ ਨੇ 53 ਵਿਕਟਾਂ ਵੀ ਲਈਆਂ ਹਨ। 17 ਦੌੜਾਂ ਦੇ ਕੇ 3 ਵਿਕਟਾਂ ਲੈਣਾ ਹਾਰਦਿਕ ਦਾ ਆਈਪੀਐਲ ਮੈਚ ਵਿੱਚ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਪਾਂਡਿਆ ਨੇ ਇਸ ਟੂਰਨਾਮੈਂਟ ‘ਚ 10 ਅਰਧ ਸੈਂਕੜੇ ਵੀ ਲਗਾਏ ਹਨ। ਉੱਥੇ ਹੀ ਰੋਹਿਤ ਸ਼ਰਮਾ ਮੁੰਬਈ ਦੇ ਸਭ ਤੋਂ ਸਫਲ ਕਪਤਾਨ ਰਹੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਪੰਜ ਵਾਰ ਚੈਂਪੀਅਨ ਬਣੀ ਸੀ। ਮੁੰਬਈ ਨੇ 2013, 2015, 2017, 2019 ਅਤੇ 2020 ਵਿੱਚ ਖਿਤਾਬ ਜਿੱਤਿਆ ਸੀ।