ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਕਰੀਬ 3 ਹਜ਼ਾਰ ਸਿੱਖ ਸ਼ਰਧਾਲੂ ਪਹੁੰਚ ਗਏ ਹਨ। ਸ਼ਨੀਵਾਰ (25 ਨਵੰਬਰ) ਨੂੰ ਸਾਰੇ ਸ਼ਰਧਾਲੂ ਵਾਹਗਾ ਬਾਰਡਰ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 10 ਦਿਨਾਂ ਦੀ ਯਾਤਰਾ ‘ਤੇ ਪਾਕਿਸਤਾਨ ਪਹੁੰਚੇ ਹਨ। ਉਨ੍ਹਾਂ ਦਾ ਸਵਾਗਤ ਕਰਨ ਲਈ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਵਧੀਕ ਸਕੱਤਰ (ਧਾਰਮਿਕ ਸਥਾਨ) ਰਾਣਾ ਸ਼ਾਹਿਦ ਸਲੀਮ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਮੌਜੂਦ ਸਨ।
ਰਾਣਾ ਸ਼ਾਹਿਦ ਸਲੀਮ ਨੇ ਕਿਹਾ, “ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਲਗਭਗ 3,000 ਭਾਰਤੀ ਸਿੱਖ ਸ਼ਰਧਾਲੂ ਇੱਥੇ ਪਹੁੰਚੇ ਹਨ। ਸਿੱਖ ਸ਼ਰਧਾਲੂਆਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਤੋਂ ਇਲਾਵਾ, ਅਸੀਂ ਉਨ੍ਹਾਂ ਦੀ ਯਾਤਰਾ ਦੀ ਸਹੂਲਤ ਲਈ ਰਿਹਾਇਸ਼ ਦੇ ਪ੍ਰਬੰਧ ਵੀ ਕੀਤੇ ਹਨ।” ਉੱਥੇ ਹੀ ਪੀਐਸਜੀਪੀਸੀ ਦੇ ਅਮੀਰ ਸਿੰਘ ਨੇ ਲੋਕਾਂ ਦੀ ਸਹੂਲਤ ਲਈ ਦੋਵਾਂ ਮੁਲਕਾਂ ਵਿਚਾਲੇ ਰੇਲ ਅਤੇ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ।