ਵਿਸ਼ਵ ਕੱਪ 2023 ਦੇ ਫਾਈਨਲ ‘ਚ ਮਿਲੀ ਹਾਰ ਤੋਂ ਉਭਰਨਾ ਭਾਵੇਂ ਆਸਾਨ ਨਾ ਹੋਵੇ ਪਰ ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਉਸ ਨਿਰਾਸ਼ਾ ਨੂੰ ਕੁੱਝ ਹੱਦ ਤੱਕ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਨੇ ਵਿਸ਼ਾਖਾਪਟਨਮ ‘ਚ 5 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ 2 ਵਿਕਟਾਂ ਨਾਲ ਹਰਾ ਕੇ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਪਹਿਲੀ ਵਾਰ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਸੂਰਿਆਕੁਮਾਰ ਯਾਦਵ ਨੇ ਵਿਸ਼ਵ ਕੱਪ ਦੇ ਫਲਾਪ ਸ਼ੋਅ ਨੂੰ ਪਿੱਛੇ ਛੱਡਦੇ ਹੋਏ ਟੀ-20 ‘ਚ ਆਪਣਾ ਧਮਾਕੇਦਾਰ ਅੰਦਾਜ਼ ਪੇਸ਼ ਕੀਤਾ ਹੈ, ਜਿਸ ਦੇ ਦਮ ‘ਤੇ ਭਾਰਤ ਨੇ 209 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕੀਤਾ।
ਦੱਸ ਦੇਈਏ ਕਿ 4 ਦਿਨ ਪਹਿਲਾਂ ਹੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ‘ਚ ਵਿਸ਼ਵ ਕੱਪ 2023 ਦਾ ਫਾਈਨਲ ਖੇਡਿਆ ਗਿਆ ਸੀ, ਜਿੱਥੇ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਤੁਰੰਤ ਹੀ ਦੋਵੇਂ ਟੀਮਾਂ ਵੱਖਰੇ ਫਾਰਮੈਟ ਵਿੱਚ ਭਿੜ ਗਈਆਂ ਅਤੇ ਇਸ ਲਈ ਵਿਸ਼ਾਖਾਪਟਨਮ ਸਟੇਡੀਅਮ ਵੀ ‘ਹਾਊਸ ਫੁਲ’ ਸੀ। ਹਾਲਾਂਕਿ ਦੋਵਾਂ ਟੀਮਾਂ ਦੇ ਜ਼ਿਆਦਾਤਰ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਸੂਰਿਆ, ਸਟੀਵ ਸਮਿਥ, ਜੋਸ਼ ਇੰਗਲਿਸ਼ ਹੀ ਅਜਿਹੇ ਖਿਡਾਰੀ ਸਨ ਜਿਨ੍ਹਾਂ ਨੇ ਫਾਈਨਲ ਤੋਂ ਬਾਅਦ ਇਸ ਮੈਚ ‘ਚ ਮੈਦਾਨ ‘ਤੇ ਉੱਤਰੇ ਸਨ।