19 ਨਵੰਬਰ ਨੂੰ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਆਈਸੀਸੀ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾਵੇਗਾ। 20 ਸਾਲ ਬਾਅਦ ਇਹ ਦੋਵੇ ਟੀਮਾਂ ਫਿਰ ਤੋਂ ਵਿਸ਼ਵ ਕੱਪ ਦੇ ਫਾਈਨਲ ‘ਚ ,ਆਹਮੋ ਸਾਹਮਣੇ ਹੋਣਗੀਆਂ। ਉੱਥੇ ਹੀ ਆਈਸੀਸੀ ਵਿਸ਼ਵ ਕੱਪ ਫਾਈਨਲ ਮੈਚ ਲਈ ਸਾਰੇ ਰਾਜਾਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਦੌਰਾਨ ਚੰਡੀਗੜ੍ਹ ਪੁਲਿਸ ਨੇ ਫਾਈਨਲ ਮੈਚ ਨੂੰ ਲੈ ਕੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਅਡਵਾਈਜ਼ਰੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ ਪੁਲਿਸ ਨੇ ਲੋਕਾਂ ਅਤੇ ਖਾਸ ਕਰ ਕੇ ਨੌਜਵਾਨ ਵਾਸਤੇ ਐਡਵਾਈਜ਼ਰੀ ਤੇ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਹੈ।
ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਕਿਸੇ ਵੀ ਜਨਤਕ ਥਾਂ ‘ਤੇ ਬਿਨਾਂ ਇਜਾਜ਼ਤ ਦੇ ਸਕਰੀਨ ਲਗਾਉਣ ਜਾਂ ਇਕੱਠ ਕਰਨ ‘ਤੇ ਪੂਰਨ ਪਾਬੰਦੀ ਹੋਵੇਗੀ। ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਤਾਬਿਕ ਆਗਿਆ ਲੈ ਕੇ ਹੀ ਸਕਰੀਨਾਂ ਰਾਹੀਂ ਜਾਂ ਭੀੜ ਇਕੱਠੀ ਕਰਕੇ ਹੀ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੱਸ ਦੇਈਏ ਕਿ ਵਿਸ਼ਵ ਕੱਪ ਤੋਂ ਬਾਅਦ ਵੱਡੀ ਗਿਣਤੀ ‘ਚ ਪਟਾਕੇ ਵੀ ਫੂਕੇ ਜਾਂਦੇ ਹਨ। ਅਜਿਹੇ ‘ਚ ਪੁਲਿਸ ਨੇ ਮੈਚ ਦੌਰਾਨ ਜਾਂ ਬਾਅਦ ‘ਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਥਾਂ ‘ਤੇ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ। ਪੁਲਿਸ ਨੇ ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਜਨਤਕ ਥਾਂ ’ਤੇ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਇਹ ਵੀ ਕਿਹਾ ਗਿਆ ਹੈ ਕਿ ਮੈਚ ਦੌਰਾਨ ਅਤੇ ਬਾਅਦ ਵਿਚ ਕਿਸੇ ਵੀ ਤਰ੍ਹਾਂ ਦੀ ਨਾਅਰੇਬਾਜ਼ੀ, ਜਲੂਸ ਜਾਂ ਹੰਗਾਮਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।