ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਘਰ ਦੇ ਬਾਹਰ ਖੇਡ ਰਹੇ ਦੋ ਬੱਚਿਆਂ ਨੂੰ ਆਵਾਰਾ ਕੁੱਤਿਆਂ ਨੇ ਵੱਢ ਕੇ ਜ਼ਖ਼ਮੀ ਕਰ ਦਿੱਤਾ। ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ ਦੂਜੇ ਜ਼ਖਮੀ ਬੱਚੇ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਜੇ ਕੁਮਾਰ ਵਾਸੀ ਬਾਂਦਾ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਜੀਰਾ ਵਿਖੇ ਰਹਿੰਦਾ ਹੈ। ਉਸ ਦੇ ਚਚੇਰੇ ਭਰਾ ਦਾ ਲੜਕਾ ਰੋਸ਼ਨ (6) ਅਤੇ ਬੱਚਾ ਸ਼ਿਵ (5) ਮਾਸੀ ਦੇ ਘਰ ਦੇ ਬਾਹਰ ਖੇਡ ਰਹੇ ਸਨ। ਹੱਡਾਰੋੜੀ ਦੇ ਕੁੱਤਿਆਂ ਨੇ ਦੋਵਾਂ ਬੱਚਿਆਂ ‘ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਕੁੱਤਿਆਂ ਦੇ ਵੱਢਣ ਨਾਲ ਰੌਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਲੋਕਾਂ ਨੇ ਸ਼ਿਵ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ। ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਕਿਸਾਨ ਆਗੂ ਮੰਗਲ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਕਈ ਹੱਡਾਰੋੜੀ ਕੁੱਤੇ ਹਨ। ਇਹ ਕੁੱਤੇ ਆਏ ਦਿਨ ਲੋਕਾਂ ‘ਤੇ ਹਮਲਾ ਕਰਦੇ ਰਹਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।