ਨੈਸ਼ਨਲ ਨੇਤਾ ਕ੍ਰਿਸਟੋਫਰ ਲਕਸਨ, ACT ਨੇਤਾ ਡੇਵਿਡ ਸੀਮੌਰ ਅਤੇ NZ ਫਰਸਟ ਦੇ ਨੇਤਾ ਵਿੰਸਟਨ ਪੀਟਰਸ ਨੇ ਅੱਜ ਆਕਲੈਂਡ ਦੇ ਇੱਕ ਹੋਟਲ ਵਿੱਚ ਮੁਲਾਕਾਤ ਕੀਤੀ ਹੈ। ਇਹ ਮੀਟਿੰਗ ਇੱਕ ਘੰਟੇ ਤੋਂ ਵੀ ਘੱਟ ਸਮਾਂ ਚੱਲੀ ਹੈ। ਰਿਪੋਰਟਾਂ ਅਨੁਸਾਰ ਪੀਟਰਸ ਅਤੇ ਸੀਮੌਰ ਹੋਟਲ ਤੋਂ ਚਲੇ ਗਏ ਹਨ ਪਰ ਇਹ ਮੰਨਿਆ ਜਾਂ ਰਿਹਾ ਹੈ ਕਿ ਲਕਸਨ ਅਜੇ ਵੀ ਉੱਥੇ ਹੀ ਹਨ। ਇਹ ਪਹਿਲੀ ਵਾਰ ਹੈ ਜਦੋਂ ਤਿੰਨੇ ਆਗੂ ਜੋ ਅਗਲੀ ਸਰਕਾਰ ਦੇ ਤਿੰਨ ਪ੍ਰਮੁੱਖ ਲੀਡਰ ਹਨ – ਇੱਕੋ ਕਮਰੇ ਵਿੱਚ ਮਿਲੇ ਹਨ।
ਹਾਲਾਂਕਿ ਇਸ ਤੋਂ ਪਹਿਲਾ ਲਕਸਨ ਅਤੇ ਪੀਟਰਸ ਮਿਲ ਚੁੱਕੇ ਸਨ, ਉੱਥੇ ਹੀ ਲਕਸਨ ਅਤੇ ਸੀਮੌਰ, ਅਤੇ ਸੀਮੌਰ ਅਤੇ ਪੀਟਰਸ, ਪਰ ਤਿੰਨੋਂ ਅੱਜ ਤੋਂ ਪਹਿਲਾ ਇੱਕੋ ਵਾਰ ਇਕੱਠੇ ਨਹੀਂ ਹੋਏ ਸਨ। ਇਸਦੀ ਪੁਸ਼ਟੀ ਅੱਜ ਸਵੇਰੇ 9.30 ਵਜੇ ਵਿੰਸਟਨ ਪੀਟਰਸ ਨੇ ਐਕਸ (ਪਹਿਲਾਂ ਟਵਿੱਟਰ) ਖਾਤੇ ਤੋਂ ਇੱਕ ਫੋਟੋ ਨਾਲ ਕੀਤੀ ਸੀ। ਤਿੰਨਾਂ ਦੀ ਮੁਲਾਕਾਤ ਇੱਕ ਹੋਟਲ ਵਿੱਚ ਹੋਈ ਜਾਪਦੀ ਹੈ, ਪਰ ਪੀਟਰਸ ਨੇ ਪੋਸਟ ਵਿੱਚ ਕੋਈ ਟੈਕਸਟ ਨਹੀਂ ਲਿਖਿਆ ਸੀ, ਸਿਰਫ ਫੋਟੋ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ ਚਰਚਾ ਚੱਲ ਰਹੀ ਹੈ ਕਿ ਇਹ ਤਿੰਨੋਂ ਪਾਰਟੀਆਂ ਮਿਲ ਕੇ ਨਿਊਜ਼ੀਲੈਂਡ ‘ਚ ਸਰਕਾਰ ਬਣਾਉਣਗੀਆਂ ਪਰ ਅਜੇ ਤੱਕ ਇਸ ਵਿਸ਼ੇ ‘ਤੇ ਕੋਈ ਫੈਸਲਾ ਨਹੀਂ ਹੋਇਆ ਹੈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ‘ਚ ਇਸੇ ਮਸਲੇ ਨੂੰ ਲੈ ਕੇ ਚਰਚਾ ਹੋਈ ਹੋਵੇਗੀ।