ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਆਪਣੇ ਬਿਆਨ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਮੁੜ ਵਿਵਾਦਾਂ ‘ਚ ਹਨ, ਪਰ ਹੁਣ ਗੁਰਦਾਸ ਮਾਨ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਦਰਅਸਲ ਅੱਜ ਪੁਲਿਸ ਵੱਲੋਂ ਧਾਰਮਿਕਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗੁਰਦਾਸ ਮਾਨ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।ਇਹ ਮਾਮਲਾ ਧਾਰਾ 295-A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬੀ ਗਾਇਕ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਨਕੋਦਰ ਸਿਟੀ ਥਾਣੇ ‘ਚ ਪਰਚਾ ਦਰਜ ਹੋਇਆ ਹੈ। ਨਕੋਦਰ ਦੇ ਪ੍ਰਸਿੱਧ ਮੇਲੇ ਵਿੱਚ ਇੱਕ ਬਾਬੇ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜੇ ਜਾਣ ਕਾਰਨ ਸਿੱਖ ਭਾਈਚਾਰਾ ਗੁਰਦਾਸ ਮਾਨ ਤੋਂ ਬੇਹੱਦ ਖਫਾ ਹੈ। ਗੁਰਦਾਸ ਮਾਨ ਦੇ ਬੋਲਾਂ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮਾਮਲੇ ‘ਚ ਸਿੱਖ ਜੱਥੇਬੰਦੀਆਂ ਨੇ ਗੁਰਦਾਸ ਮਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਹਾਲਾਂਕਿ ਮਾਮਲੇ ਨੂੰ ਜ਼ਿਆਦਾ ਭਖਦਾ ਵੇਖ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਮੁਆਫ਼ੀ ਵੀ ਮੰਗ ਲਈ ਹੈ। ਪਰ ਸਿੱਖ ਜਥੇਬੰਦੀਆਂ ਗੁਰਦਾਸ ਮਾਨ ਤੇ ਪਰਚਾ ਦਰਜ ਕਰਵਾਉਣ ਤੇ ਅੜ੍ਹੀਆਂ ਹੋਈਆਂ ਸੀ। ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਗੁਰਦਾਸ ਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ। ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਉਹ ਮੁਆਫੀ ਮੰਗਦੇ ਹਨ । ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕਦੇ ਵੀ ਗੁਰੂ ਨਾਲ ਬਾਬਾ ਮੁਰਾਦ ਸ਼ਾਹ ਦੀ ਤੁਲਨਾ ਨਹੀਂ ਕੀਤੀ। ਮੇਰਾ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਸਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਸਨ। ਦੱਸ ਦਈਏ ਕਿ ਗਾਇਕ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਰੋਹ ਵਿੱਚ ਹਨ।