ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ‘ਤੇ ਬਣ ਰਹੀ ਵੈੱਬ ਸੀਰੀਜ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ‘ਤੇ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਸਿੱਧੂ ਦੇ ਦੋ ਹੀ ਨਿਸ਼ਾਨ ਹਨ। ਇੱਕ ਹੈ ਸਿੱਧੂ ਦੀ ਆਵਾਜ਼ ਅਤੇ ਦੂਜੀ ਉਨ੍ਹਾਂ ਦੀ ਤਸਵੀਰ। ਕੁਝ ਲੋਕ ਇਸ ਨੂੰ ਵੇਚ ਕੇ ਚੰਗਾ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਕੰਪਨੀ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ‘ਤੇ ਵੈੱਬ ਸੀਰੀਜ਼ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਇਸ ਸਬੰਧੀ ਨਾ ਤਾਂ ਉਨ੍ਹਾਂ ਤੋਂ ਕੋਈ ਮਨਜ਼ੂਰੀ ਲਈ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੁੱਝ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਲਮ ਕੰਪਨੀ ਅਜਿਹਾ ਕਰਦੀ ਹੈ ਤਾਂ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ।
ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੀਡੀਆ ਵਿੱਚ ਵੀ ਗੈਂਗਸਟਰ ਆ ਗਏ ਹਨ। ਇਹ ਸਾਡੇ ਸਮਾਜ ਲਈ ਇੱਕ ਵੱਡਾ ਖਤਰਾ ਹੈ। ਸਾਨੂੰ ਅਤੇ ਸਰਕਾਰਾਂ ਨੂੰ ਵੀ ਇਸ ਪ੍ਰਤੀ ਸੁਚੇਤ ਹੋਣਾ ਪਵੇਗਾ। ਬਲਕੌਰ ਸਿੰਘ ਸਿੱਧੂ ਨੇ ਇਸ ਤੋਂ ਪਹਿਲਾਂ ਵੀ ਸਿੱਧੂ ਦੇ ਜੀਵਨ ‘ਤੇ ਆਧਾਰਿਤ ਕਿਤਾਬ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕ ਫਿਲਮਾਂ ਅਤੇ ਕਿਤਾਬਾਂ ਰਾਹੀਂ ਸਿੱਧੂ ਦਾ ਨਾਂ ਵੇਚਣਾ ਚਾਹੁੰਦੇ ਹਨ।