ਨਿਊਜ਼ੀਲੈਂਡ ਦੇ ਵਿੱਚ ਹਰ ਨਵੇਂ ਦਿਨ ਦੇ ਨਾਲ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾਂ ਰਿਹਾ ਹੈ। ਦੇਸ਼ ਵਿੱਚ ਨਿਰੰਤਰ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਵੱਲੋ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਅੱਜ ਕਮਿਊਨਿਟੀ ਵਿੱਚ ਕੋਵਿਡ -19 ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਡੈਲਟਾ ਵੇਰੀਐਂਟ ਦੇ ਪ੍ਰਕੋਪ ਨਾਲ ਜੁੜੇ ਕੁੱਲ ਮਾਮਲਿਆਂ ਦੀ ਗਿਣਤੀ 207 ਤੋਂ ਵੱਧ ਕੇ 277 ਹੋ ਗਈ ਹੈ। ਇਸ ਸਮੇਂ ਕੁੱਲ ਮਿਲਾ ਕੇ, ਆਕਲੈਂਡ ਵਿੱਚ 263 ਕੇਸ ਹਨ, ਜਦਕਿ 14 ਕੇਸ ਵੈਲਿੰਗਟਨ ਵਿੱਚ ਹਨ।
ਵੈਲਿੰਗਟਨ ਦੇ ਦੋ ਨਵੇਂ ਕੇਸ ਪਹਿਲਾਂ ਦੱਸੇ ਗਏ ਕੇਸ ਦੇ ਘਰੇਲੂ ਸੰਪਰਕ ਹਨ ਅਤੇ ਉਹ ਫਿਲਹਾਲ ਏਕਾਂਤਵਾਸ ਹਨ। ਉੱਥੇ ਹੀ ਦੇਸ਼ ਵਾਸੀਆਂ ਨੂੰ ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਦੇ ਲਈ ਕੋਰੋਨਾ ਟੀਕਾਕਰਨ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਨਿਊਜ਼ੀਲੈਂਡ ਵਿੱਚ ਬੁੱਧਵਾਰ ਨੂੰ 87,700 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ, ਜੋ ਇੱਕ ਨਵਾਂ ਰਿਕਾਰਡ ਵੀ ਬਣ ਗਿਆ ਹੈ।