ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਨੇ ਵਿਸ਼ਵ ਕੱਪ ਦੇ 33ਵੇਂ ਮੈਚ ‘ਚ ਸ਼੍ਰੀਲੰਕਾ ਨੂੰ 55 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਇਸ ਦੇ ਨਾਲ ਹੀ ਟੀਮ ਇੰਡੀਆ 302 ਦੌੜਾਂ ਨਾਲ ਜਿੱਤ ਕੇ ਸੈਮੀਫਾਈਨਲ ਲਈ ਟਿਕਟ ਹਾਸਿਲ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ ਹਨ ਜਦਕਿ ਸਿਰਾਜ ਨੇ 3 ਵਿਕਟਾਂ ਲਈਆਂ ਹਨ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਖਿਲਾਫ 50 ਓਵਰਾਂ ‘ਚ 357 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਭਾਰਤ ਨੇ ਵਿਸ਼ਵ ਕੱਪ ਦੇ 7 ‘ਚੋਂ 7 ਮੈਚ ਜਿੱਤ ਕੇ ਖਿਤਾਬ ‘ਤੇ ਸਭ ਤੋਂ ਮਜ਼ਬੂਤ ਦਾਅਵਾ ਵੀ ਜਤਾਇਆ ਹੈ।
ਭਾਰਤ ਦੀਆਂ 357 ਦੌੜਾਂ ਦੇ ਜਵਾਬ ‘ਚ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਦੀ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਪਥੁਮ ਨਿਸ਼ੰਕਾ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਦਿਮੁਥ ਕਰੁਣਾਰਤਨੇ ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ। ਦਿਮੁਥ ਕਰੁਣਾਰਤਨੇ ਵੀ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਹੇ। ਇਸ ਦੇ ਨਾਲ ਹੀ ਜਦੋਂ ਸ਼੍ਰੀਲੰਕਾ ਦਾ ਤੀਜਾ ਖਿਡਾਰੀ ਆਊਟ ਹੋਇਆ ਤਾਂ ਟੀਮ ਦਾ ਸਕੋਰ ਸਿਰਫ 2 ਦੌੜਾਂ ਸੀ।
ਭਾਰਤੀ ਗੇਂਦਬਾਜ਼ਾਂ ਨੇ ਮੈਚ ਦੌਰਾਨ ਸ਼ਾਨਦਾਰ ਗੇਂਦਬਾਜ਼ੀ ਕੀਤੀ। ਖਾਸ ਕਰਕੇ ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਸ਼੍ਰੀਲੰਕਾਈ ਬੱਲੇਬਾਜ਼ਾਂ ਕੋਲ ਕੋਈ ਜਵਾਬ ਨਹੀਂ ਸੀ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਦੇ ਸਾਹਮਣੇ ਸ਼੍ਰੀਲੰਕਾ ਦੇ ਬੱਲੇਬਾਜ਼ ਬੇਵੱਸ ਨਜ਼ਰ ਆਏ। ਭਾਰਤ ਲਈ ਮੁਹੰਮਦ ਸ਼ਮੀ ਸਭ ਤੋਂ ਸਫਲ ਗੇਂਦਬਾਜ਼ ਰਹੇ। ਮੁਹੰਮਦ ਸ਼ਮੀ ਨੇ 5 ਬੱਲੇਬਾਜ਼ਾਂ ਨੂੰ ਆਊਟ ਕੀਤਾ। ਜਦਕਿ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ 1-1 ਸਫਲਤਾ ਮਿਲੀ।