13 ਅਤੇ 15 ਅਕਤੂਬਰ ਨੂੰ ਗਿਸਬੋਰਨ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇੱਕ ਗਰੋਹ ਦੇ ਚਾਰ ਮੈਂਬਰਾਂ ‘ਤੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਹਥਿਆਰਾਂ ਨਾਲ ਸਬੰਧਿਤ ਅਪਰਾਧ ਦੇ ਦੋਸ਼ ਲਗਾਏ ਗਏ ਹਨ। ਇੰਸਪੈਕਟਰ ਡੈਰੇਨ ਪਾਕੀ ਨੇ ਕਿਹਾ ਕਿ ਪਿਛਲੇ ਹਫਤੇ ਤਿੰਨ ਸਰਚ ਵਾਰੰਟਾਂ ਦੇ ਨਤੀਜੇ ਵਜੋਂ 24, 26 ਅਤੇ 33 ਸਾਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਚੌਥੇ ਵਿਅਕਤੀ, ਜਿਸ ਦੀ ਉਮਰ 31 ਸਾਲ ਹੈ, ਨੂੰ ਪਿਛਲੇ ਸ਼ੁੱਕਰਵਾਰ ਨੂੰ ਸਰਚ ਵਾਰੰਟ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਤਲਾਸ਼ੀ ਦੌਰਾਨ ਪੁਲਿਸ ਨੇ ਇੱਕ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਤਿੰਨ ਨੂੰ ਅੱਜ ਗਿਸਬੋਰਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। 31 ਸਾਲਾ ਵਿਅਕਤੀ ‘ਤੇ ਸਤੰਬਰ ਦੇ ਸ਼ੁਰੂ ਵਿਚ ਵੱਖ-ਵੱਖ ਘਟਨਾਵਾਂ ਨਾਲ ਜੁੜੇ ਹੋਰ ਦੋਸ਼ਾਂ ਦੇ ਨਾਲ-ਨਾਲ ਹਥਿਆਰ ਅਤੇ ਗੋਲਾ-ਬਾਰੂਦ ਰੱਖਣ ਦੇ ਦੋਸ਼ ਲਗਾਏ ਗਏ ਹਨ। 26 ਸਾਲਾ ਵਿਅਕਤੀ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ, ਅਤੇ 24 ਸਾਲਾ ਵਿਅਕਤੀ ‘ਤੇ ਲੁੱਟਮਾਰ ਅਤੇ ਡਰਾਉਣ ਦੇ ਇਰਾਦੇ ਨਾਲ-ਨਾਲ ਹਥਿਆਰ ਰੱਖਣ ਦੇ ਦੋਸ਼ ਹਨ।
33 ਸਾਲਾ ਵਿਅਕਤੀ ਨੂੰ ਸ਼ਾਟ ਗਨ ਦੇ ਗੈਰਕਾਨੂੰਨੀ ਅਸਲਾ, ਜੇਲ੍ਹ ਦੀ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ, ਅਤੇ ਭੰਗ ਰੱਖਣ ਦੇ ਦੋਸ਼ਾਂ ਤਹਿਤ ਬੁੱਧਵਾਰ 8 ਨਵੰਬਰ ਨੂੰ ਗਿਸਬੋਰਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਾਕੀ ਨੇ ਕਿਹਾ ਕਿ ਉਹ ਜਾਂਚ ਵਿੱਚ ਮਦਦ ਲਈ ਜਨਤਾ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਕਿਸੇ ਵੀ ਵਿਅਕਤੀ ਨੂੰ ਇਸ ਬਾਰੇ ਹੋਰ ਜਾਣਕਾਰੀ ਦੇਣ ਲਈ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।