ਆਸਟ੍ਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਵਨਡੇ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਹੈ। ਮੈਕਸਵੈੱਲ ਨੇ 40 ਗੇਂਦਾਂ ਵਿੱਚ 8 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਮੈਕਸਵੈੱਲ 44 ਗੇਂਦਾਂ ਵਿੱਚ 9 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਮੈਕਸਵੈੱਲ ਦਾ ਬੱਲੇਬਾਜ਼ੀ ਸਟ੍ਰਾਈਕ ਰੇਟ 240.91 ਰਿਹਾ ਹੈ। ਮੈਕਸਵੈੱਲ ਨੇ ਨੀਦਰਲੈਂਡ ਖਿਲਾਫ ਮੈਚ ‘ਚ ਇਹ ਉਪਲੱਬਧੀ ਹਾਸਿਲ ਕੀਤੀ ਹੈ। ਮੈਕਸਵੈੱਲ ਨੇ ਵਨਡੇ ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੇ ਮਾਮਲੇ ‘ਚ 49 ਗੇਂਦਾਂ ‘ਚ ਸੈਂਕੜਾ ਪੂਰਾ ਕਰਨ ਵਾਲੇ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ ਦਾ ਰਿਕਾਰਡ ਤੋੜ ਦਿੱਤਾ ਹੈ।
ਇਸ ਤੋਂ ਪਹਿਲਾਂ ਇਸੇ ਵਿਸ਼ਵ ਕੱਪ ‘ਚ ਏਡੇਨ ਮਾਰਕਰਮ ਨੇ ਸ਼੍ਰੀਲੰਕਾ ਖਿਲਾਫ ਖੇਡੇ ਗਏ ਮੈਚ ‘ਚ 49 ਦੌੜਾਂ ‘ਚ ਸੈਂਕੜਾ ਲਗਾਇਆ ਸੀ। ਮੈਕਸਵੈੱਲ ਦੇ ਸੈਂਕੜੇ ਦੀ ਗੱਲ ਕਰੀਏ ਤਾਂ ਮੈਕਸਵੈੱਲ ਨੇ ਨੀਦਰਲੈਂਡ ਦੇ ਗੇਂਦਬਾਜ਼ਾਂ ‘ਤੇ ਬਿਲਕੁਲ ਵੀ ਰਹਿਮ ਨਹੀਂ ਕੀਤਾ। ਉਹ 39.1 ਓਵਰਾਂ ਵਿੱਚ ਛੇਵੀਂ ਵਿਕਟ ਲਈ ਬੱਲੇਬਾਜ਼ੀ ਕਰਨ ਆਇਆ ਅਤੇ 48.5 ਓਵਰਾਂ ਵਿੱਚ ਆਪਣਾ ਸੈਂਕੜਾ ਪੂਰਾ ਕਰ ਲਿਆ। ਯਾਨੀ ਮੈਕਸਵੈੱਲ ਨੇ ਪਾਰੀ ਦੇ 10 ਓਵਰਾਂ ਤੋਂ ਵੀ ਘੱਟ ਸਮੇਂ ਵਿੱਚ ਆਪਣਾ ਸੈਂਕੜਾ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਮੈਕਸਵੈੱਲ ਨੇ 2015 ਵਨਡੇ ਵਿਸ਼ਵ ਕੱਪ ‘ਚ ਸ਼੍ਰੀਲੰਕਾ ਖਿਲਾਫ ਮੈਚ ‘ਚ 51 ਗੇਂਦਾਂ ‘ਚ ਸੈਂਕੜਾ ਲਗਾਇਆ ਸੀ।