ਨਿਊਯਾਰਕ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਇੱਕ 66 ਸਾਲਾ ਭਾਰਤੀ-ਅਮਰੀਕੀ ਸਿੱਖ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਿਕ ਸਿੱਖ ਵਿਅਕਤੀ ‘ਤੇ ਦੋਸ਼ੀ ਗਿਲਬਰਟ ਆਗਸਟਿਨ ਨੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਬਜ਼ੁਰਗ ਸਿੱਖ ਵਿਅਕਤੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਿਊਯਾਰਕ ‘ਚ ਸਿੱਖ ਭਾਈਚਾਰੇ ‘ਤੇ ਹਮਲਿਆਂ ਦੀਆਂ ਖਬਰਾਂ ਆ ਚੁੱਕੀਆਂ ਹਨ।
ਰਿਪੋਰਟ ਮੁਤਾਬਿਕ ਬੀਤੇ ਵੀਰਵਾਰ (19 ਅਕਤੂਬਰ) ਨੂੰ ਜਸਮੇਰ ਸਿੰਘ ਦੁਪਹਿਰ ਸਮੇਂ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਵਿਅਕਤੀ ਦੀ ਕਾਰ ਨਾਲ ਟਕਰਾ ਗਈ। ਜਿਸ ਤੋਂ ਬਾਅਦ ਦੋਸ਼ੀ ਗਿਲਬਰਟ ਆਗਸਟਿਨ ਨੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਬਜ਼ੁਰਗ ਸਿੱਖ ਵਿਅਕਤੀ ਨੂੰ ਤੁਰੰਤ ਕੁਈਨਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋਸ਼ੀ ਗਿਲਬਰਟ ਆਗਸਟਿਨ ਨੂੰ ਵੀ 20 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਸਮੇਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ। ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ ਪਰ ਜਸਮੇਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਨਿਊਯਾਰਕ ਵਿਚ ਰਹਿੰਦੇ ਸਿੱਖ ਭਾਈਚਾਰੇ ਵਿਚ ਗੁੱਸਾ ਫੈਲ ਗਿਆ। ਵਿਗੜਦੀ ਸਥਿਤੀ ਦੇ ਮੱਦੇਨਜ਼ਰ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ, ‘ਸਾਰੇ ਨਿਊਯਾਰਕ ਵਾਸੀਆਂ ਦੀ ਤਰਫੋਂ, ਮੈਂ ਚਾਹੁੰਦਾ ਹਾਂ ਕਿ ਸਾਡਾ ਸਿੱਖ ਭਾਈਚਾਰਾ ਇਹ ਜਾਣੇ ਕਿ ਸਾਡੀ ਹਮਦਰਦੀ ਤੁਹਾਡੇ ਨਾਲ ਹੈ। ਅਸੀਂ ਉਸ ਨਫ਼ਰਤ ਨੂੰ ਖਾਰਜ ਕਰਦੇ ਹਾਂ ਜੋ ਇਸ ਕਤਲ ਦਾ ਕਾਰਨ ਬਣੀ ਹੈ ਅਤੇ ਨਿਰਦੋਸ਼ ਦੀ ਜਾਨ ਲੈ ਲਈ, ਅਸੀਂ ਤੁਹਾਡੀ ਰੱਖਿਆ ਕਰਾਂਗੇ।”
Jasmer Singh loved his city and deserved so much more than his tragic death. On behalf of all New Yorkers, I want our Sikh community to know you have more than our condolences. You have our sacred vow that we reject the hatred that took this innocent life and we will protect you. pic.twitter.com/JvhhmDJ9v2
— Mayor Eric Adams (@NYCMayor) October 22, 2023