ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਪ੍ਰਸਿੱਧ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਦਿਹਾਂਤ ਹੋ ਗਿਆ ਸੀ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਮਹਾਨ ਸਪਿਨਰ ਦੀ ਮੌਤ ਨੂੰ ਕ੍ਰਿਕਟ ਪ੍ਰੇਮੀਆਂ ਲਈ ਵੱਡਾ ਘਾਟਾ ਦੱਸਿਆ ਹੈ। ਮਾਨ ਨੇ ਕਿਹਾ ਕਿ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਵਿਸ਼ਵ ਕ੍ਰਿਕਟ ਵਿੱਚ ਭਾਰਤੀ ਸਪਿਨਰਾਂ ਦੇ ਸੁਨਹਿਰੀ ਯੁੱਗ ਦਾ ਅੰਤ ਹੈ।
ਉਨ੍ਹਾਂ ਲਿਖਿਆ ਕਿ, “ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ‘ਸਰਦਾਰ ਆਫ਼ ਸਪਿਨ’ ਦੇ ਨਾਮ ਨਾਲ ਜਾਣੇ ਜਾਂਦੇ ਸਰਦਾਰ ਬਿਸ਼ਨ ਸਿੰਘ ਬੇਦੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ…ਕ੍ਰਿਕਟ ਪ੍ਰੇਮੀ ਹੋਣ ਦੇ ਨਾਤੇ ਮੈਂ ਬਿਸ਼ਨ ਸਿੰਘ ਜੀ ਦੀ ਖੇਡ ਦਾ ਹਮੇਸ਼ਾ ਕਾਇਲ ਰਿਹਾ ਹਾਂ…ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਬਿਸ਼ਨ ਸਿੰਘ ਜੀ ਦਾ ਨਾਮ ਸੁਨਹਿਰੇ ਅੱਖਰਾਂ ‘ਚ ਲਿਖਿਆ ਹਮੇਸ਼ਾ ਸਾਡੇ ਚੇਤਿਆਂ ‘ਚ ਰਹੇਗਾ….ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਦਿਲੋਂ ਹਮਦਰਦੀ…ਪਰਮਾਤਮਾ ਬਿਸ਼ਨ ਸਿੰਘ ਜੀ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ…ਵਾਹਿਗੁਰੂ ਵਾਹਿਗੁਰੂ”