ਅਪਣੇ ਤਾਜ਼ਾ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਗੁਰਦਾਸ ਮਾਨ ਦਾ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੁਰਦਾਸ ਮਾਨ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਣੇ ਬਿਆਨ ’ਤੇ ਸਫਾਈ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪੰਜਾਬੀ ਗਾਇਕ ਗੁਰਦਾਸ ਮਾਨ ਇੱਕ ਵਾਰ ਫਿਰ ਤੋਂ ਵਿਵਾਦ ਦੇ ਵਿੱਚ ਘਿਰ ਗਏ ਹਨ। ਹਾਲ ਹੀ ਵਿੱਚ ਨਕੋਦਰ ਦੇ ਵਿੱਚ ਆਪਣੇ ਇੱਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਕੁੱਝ ਅਜਿਹਾ ਕਹਿ ਦਿੱਤਾ ਸੀ, ਜਿਸ ਕਾਰਨ ਲੋਕ ਉਹਨਾਂ ਤੇ ਇੱਕ ਵਾਰ ਫਿਰ ਤੋਂ ਭੜਕ ਉੱਠੇ ਹਨ। ਜਿਸ ਦੇ ਚਲਦੇ ਗੁਰਦਾਸ ਮਾਨ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਵਿੱਚ ਉਹਨਾਂ ਨੇ ਸਮੁੱਚੀ ਕੌਮ ਤੋਂ ਮੁਆਫੀ ਮੰਗੀ ਹੈ ਤੇ ਆਪਣੀ ਗੱਲ ਰੱਖੀ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
View this post on Instagram
ਵੀਡੀਓ ਵਿੱਚ ਗੁਰਦਾਸ ਮਾਨ ਨੇ ਕਿਹਾ ਕਿ , ‘ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਮੈਂ ਮੁਆਫੀ ਮੰਗਦਾ ਹਾਂ। ਗੁਰੂ ਸਾਹਿਬਾਨਾਂ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਹੋ ਸਕਦੀ। ਮੈਂ ਇਹ ਜ਼ਰੂਰ ਕਿਹਾ ਸੀ ਕਿ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਭੱਲਾ ਪਰਿਵਾਰ ਵਿੱਚੋਂ ਸਨ ਤੇ ਮੁਰਾਦ ਸ਼ਾਹ ਵੀ ਨਕੋਦਰ ਵਿਖੇ ਭੱਲਾ ਪਰਿਵਾਰ ਵਿੱਚ ਪੈਦਾ ਹੋਏ ਸਨ। ਮੈਂ ਗੁਰੂ ਸਾਹਿਬਾਨ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ।’ ਦਰਅਸਲ ਗੁਰਦਾਸ ਮਾਨ ਨੇ ਬੀਤੇ ਦਿਨੀਂ ਡੇਰਾ ਨਕੋਦਰ ਵਿਖੇ ਇੱਕ ਵਿਵਾਦਤ ਬਿਆਨ ਦਿੱਤਾ ਸੀ, ਜਿਸ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁਰਦਾਸ ਮਾਨ ਨੇ ਕਿਹਾ ਸੀ ਕਿ ਲਾਡੀ ਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਬੱਚੇ ਹਨ। ਗੁਰਦਾਸ ਮਾਨ ਦੇ ਇਸ ਬਿਆਨ ਨੂੰ ਲੈ ਕੇ ਸਿੱਖਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।