ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਨੂਰਾਂ ਸਿਸਟਰਜ਼ ਦੀ ਸੁਲਤਾਨਾ ਨੂਰਾਂ ਤੋਂ ਫ਼ੋਨ ‘ਤੇ ਵਸੂਲੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਗਾਇਕਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕਾ ਸੁਲਤਾਨਾ ਨੂਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਫੋਨ ਸੰਦੇਸ਼ ਰਾਹੀਂ ਫਿਰੌਤੀ ਦੀ ਧਮਕੀ ਮਿਲੀ ਹੈ।
ਗਾਇਕਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਇੱਕ ਅਣਜਾਣ ਨੰਬਰ ਤੋਂ ਸੁਨੇਹਾ ਮਿਲਿਆ ਸੀ। ਇਸ ਮੈਸੇਜ ਵਿੱਚ ਪਹਿਲਾਂ ਵਿਅਕਤੀ ਨੇ ਖੁਦ ਨੂੰ ਗੈਂਗਸਟਰ ਜੱਗੂ ਭਗਵਾਨ ਪੁਰੀਆ ਦਾ ਕਰੀਬੀ ਦੱਸਿਆ ਹੈ। ਇਸ ਤੋਂ ਬਾਅਦ ਉਸ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਸੰਦੇਸ਼ ਵਿੱਚ ਇਹ ਵੀ ਲਿਖਿਆ ਕਿ ਜੇਕਰ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣ। ਇਸ ਮੈਸੇਜ ਨੂੰ ਪੜ੍ਹ ਕੇ ਗਾਇਕਾ ਦੇ ਪਤੀ ਨੇ ਬਿਨਾਂ ਕਿਸੇ ਦੇਰੀ ਦੇ ਸ਼ੁੱਕਰਵਾਰ ਨੂੰ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੈਸੇਜ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਨੰਬਰ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਕਿ ਜਿਸ ਨੰਬਰ ਤੋਂ ਮੈਸੇਜ ਆਇਆ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫੋਨ ਨੰਬਰ ਦੀ ਜਾਂਚ ਦੀ ਜ਼ਿੰਮੇਵਾਰੀ ਸਾਈਬਰ ਸੈੱਲ ਨੂੰ ਸੌਂਪੀ ਗਈ ਹੈ। ਹੁਣ ਸਾਈਬਰ ਸੈੱਲ ਉਕਤ ਫ਼ੋਨ ਨੰਬਰ ਦੇ ਸਾਰੇ ਵੇਰਵਿਆਂ ਦੀ ਜਾਂਚ ਕਰੇਗਾ।