ਨਿਊਜ਼ੀਲੈਂਡ ‘ਚ ਕੋਰੋਨਾ ਹੁਣ ਬੇਲਗਾਮ ਹੁੰਦਾ ਜਪ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ਸਮੇਤ ਆਮ ਲੋਕਾਂ ਦੀਆ ਮੁਸ਼ਕਿਲਾਂ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਵੱਲੋ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਮਿਊਨਿਟੀ ਵਿੱਚ 41 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਕਲੈਂਡ ਦੇ 38 ਅਤੇ ਵੈਲਿੰਗਟਨ ਦੇ ਤਿੰਨ ਮਾਮਲੇ ਸ਼ਾਮਿਲ ਹਨ। ਵੈਲਿੰਗਟਨ ਦੇ ਸਾਰੇ ਤਿੰਨ ਮਾਮਲੇ ਨਜ਼ਦੀਕੀ ਸੰਪਰਕ ਵਜੋਂ ਪਛਾਣੇ ਗਏ ਹਨ। ਸਾਰੇ ਨਵੇਂ ਕੇਸਾਂ ਨੂੰ ਕੁਆਰੰਟੀਨ ਸਹੂਲਤ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਪ੍ਰਕੋਪ ਦੌਰਾਨ ਹੁਣ ਨਿਊਜ਼ੀਲੈਂਡ ਵਿੱਚ ਕੁੱਲ ਕੇਸਾਂ ਦੀ ਗਿਣਤੀ 148 ਹੋ ਗਈ ਹੈ, ਜਿਨ੍ਹਾਂ ਵਿੱਚ ਆਕਲੈਂਡ ਦੇ 137 ਅਤੇ ਵੈਲਿੰਗਟਨ ਦੇ 11 ਮਾਮਲੇ ਸ਼ਾਮਿਲ ਹਨ।
ਉੱਥੇ ਹੀ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਕਾਰਨ ਪਬੰਦੀਆਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਵਿੱਚ ਸ਼ੁੱਕਰਵਾਰ 27 ਅਗਸਤ ਨੂੰ ਘੱਟੋ ਘੱਟ ਰਾਤ 11.59 ਵਜੇ ਤੱਕ ਅਲਰਟ ਲੈਵਲ 4 ਲੌਕਡਾਊਨ ਜਾਰੀ ਰਹੇਗਾ, ਜਦਕਿ ਆਕਲੈਂਡ ਵਿੱਚ ਮੰਗਲਵਾਰ 31 ਅਗਸਤ ਰਾਤ 11.59 ਵਜੇ ਤੱਕ ਲੈਵਲ 4 ਦੀਆ ਪਬੰਦੀਆਂ ਜਾਰੀ ਰਹਿਣਗੀਆਂ। ਆਕਲੈਂਡ ਦੇ ਅਲਰਟ ਲੈਵਲ ਦੀ ਸਮੀਖਿਆ ਅਗਲੇ ਸੋਮਵਾਰ, 30 ਅਗਸਤ ਨੂੰ ਕੀਤੀ ਜਾਵੇਗੀ, ਜਦਕਿ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਦੀ ਸਮੀਖਿਆ ਸ਼ੁੱਕਰਵਾਰ ਦੁਪਹਿਰ, 27 ਅਗਸਤ ਨੂੰ ਕੀਤੀ ਜਾਵੇਗੀ।