ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤ ਦਾ ਅਗਲਾ ਮੁਕਾਬਲਾ ਪਾਕਿਸਤਾਨ ਨਾਲ ਹੈ। ਭਾਰਤੀ ਟੀਮ ਸੱਤ ਸਾਲ ਬਾਅਦ ਪਾਕਿਸਤਾਨ ਨਾਲ ਘਰੇਲੂ ਮੈਦਾਨ ‘ਤੇ ਖੇਡ ਰਹੀ ਹੈ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਮੈਚ ਨੂੰ ਦੇਖਣ ਲਈ ਉਤਸ਼ਾਹਿਤ ਹਨ। ਅਹਿਮਦਾਬਾਦ ਦੇ ਸਟੇਡੀਅਮ ‘ਚ ਇੱਕ ਲੱਖ ਤੋਂ ਵੱਧ ਦਰਸ਼ਕ ਮੈਚ ਦੇਖਣਗੇ। ਦੋਵੇਂ ਟੀਮਾਂ ਇਸ ਮੈਚ ਲਈ ਅਹਿਮਦਾਬਾਦ ਪਹੁੰਚ ਚੁੱਕੀਆਂ ਹਨ ਅਤੇ ਅਭਿਆਸ ਕਰ ਰਹੀਆਂ ਹਨ। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਹ ਮੈਚ ਖੇਡ ਸਕਦੇ ਹਨ। ਡੇਂਗੂ ਕਾਰਨ ਉਹ ਭਾਰਤ ਲਈ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਸੀ। ਅਜਿਹੇ ‘ਚ ਯੁਵਰਾਜ ਸਿੰਘ ਨੇ ਸ਼ੁਭਮਨ ਨੂੰ ਫੋਨ ਕੀਤਾ ਅਤੇ ਮੈਚ ਖੇਡਣ ਲਈ ਕਿਹਾ।
ਯੁਵਰਾਜ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਉਨ੍ਹਾਂ ਨੇ ਸ਼ੁਭਮਨ ਗਿੱਲ ਨੂੰ ਫੋਨ ਕੀਤਾ ਅਤੇ ਪਾਕਿਸਤਾਨ ਖਿਲਾਫ ਖੇਡਣ ਲਈ ਕਿਹਾ। ਯੁਵੀ ਨੇ ਗਿੱਲ ਨੂੰ ਇਹ ਵੀ ਦੱਸਿਆ ਕਿ ਉਹ ਆਪਣੇ ਕਰੀਅਰ ਵਿੱਚ ਦੋ ਵਾਰ ਡੇਂਗੂ ਨਾਲ ਸੰਕਰਮਿਤ ਹੋਣ ਦੇ ਬਾਵਜੂਦ ਖੇਡਿਆ ਸੀ। ਇਸ ਤੋਂ ਬਾਅਦ ਗਿੱਲ ਨੇ ਵੀਰਵਾਰ ਨੂੰ ਅਹਿਮਦਾਬਾਦ ‘ਚ ਇੱਕ ਘੰਟਾ ਅਭਿਆਸ ਵੀ ਕੀਤਾ। ਹੁਣ ਗਿੱਲ ਦੇ ਪਾਕਿਸਤਾਨ ਖਿਲਾਫ ਮੈਚ ‘ਚ ਖੇਡਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ।
ਯੁਵਰਾਜ ਨੇ ਗਿੱਲ ਨੂੰ ਕਿਹਾ ਕਿ ਪਾਕਿਸਤਾਨ ਖਿਲਾਫ ਮੈਚ ਮਹੱਤਵਪੂਰਨ ਹੈ ਅਤੇ ਉਸ ਨੂੰ ਇਹ ਮੈਚ ਖੇਡਣਾ ਚਾਹੀਦਾ ਹੈ। ਯੁਵੀ ਨੇ ਕਿਹਾ, ”ਮੈਂ ਉਸ ਨੂੰ ਫੋਨ ਕੀਤਾ ਅਤੇ ਕਿਹਾ, “ਤਕੜਾ ਹੋ ਤੇ ਖੇਡ, ਮੈਂ ਕੈਂਸਰ ‘ਚ ਵੀ ਖੇਡਿਆ ਸੀ ਵਿਸ਼ਵ ਕੱਪ, ਵਿਸ਼ਵ ਕੱਪ ‘ਚ ਵੀ ਮੇਰੀ ਤਬੀਅਤ ਠੀਕ ਨਹੀਂ ਸੀ। ਇਸ ਲਈ ਖੜ੍ਹੇ ਹੋਵੋ ਅਤੇ ਖੇਡੋ ਕਿਉਂਕਿ ਇਹ ਬਹੁਤ ਮਹੱਤਵਪੂਰਨ ਮੈਚ ਹੈ। ਵੈਸੇ ਵੀ, ਜੇਕਰ ਉਹ ਬਿਹਤਰ ਮਹਿਸੂਸ ਕਰ ਰਿਹਾ ਹੋਵੇਗਾ ਤਾਂ ਉਹ ਖੇਡੇਗਾ। ਪਰ ਵਾਇਰਲ ਜਾਂ ਡੇਂਗੂ ਤੋਂ ਉਭਰਨਾ ਅਸਲ ਵਿੱਚ ਮੁਸ਼ਕਿਲ ਹੈ। ਇਹ ਤੁਹਾਡੇ ਸਰੀਰ ਵਿੱਚੋਂ ਹਰ ਚੀਜ਼ ਨੂੰ ਚੂਸਦਾ ਹੈ। ਮੈਨੂੰ ਲਗਦਾ ਹੈ ਕਿ ਉਹ ਸੱਚਮੁੱਚ ਉਹ ਮੈਚ ਖੇਡਣ ਲਈ ਉਤਸੁਕ ਹੈ।”
ਇਸ ਦੌਰਾਨ ਯੁਵਰਾਜ ਨੇ ਟੀਮ ਇੰਡੀਆ ਦੀ ਕਾਫੀ ਤਾਰੀਫ ਕੀਤੀ। ਯੁਵੀ ਨੇ ਕਿਹਾ ਕਿ ਭਾਰਤੀ ਟੀਮ ਦਬਾਅ ਵਾਲੀਆਂ ਸਥਿਤੀਆਂ ਲਈ ਵੀ ਤਿਆਰ ਹੈ ਅਤੇ ਸਾਰੇ ਖਿਡਾਰੀ ਦੌੜਾਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਮੀਫਾਈਨਲ ਅਤੇ ਫਾਈਨਲ ਮੈਚਾਂ ‘ਚ ਦਬਾਅ ਰਹੇਗਾ। ਟੀਮ ਇਸ ਲਈ ਤਿਆਰ ਹੈ, ਇਹ ਚੰਗੀ ਗੱਲ ਹੈ। ਭਾਰਤ-ਪਾਕਿਸਤਾਨ ਮੈਚ ਬਾਰੇ ਉਨ੍ਹਾਂ ਕਿਹਾ, ”ਇਸ ਸਮੇਂ ਇਹ ਟਾਕ ਆਫ ਦਾ ਟਾਊਨ ਹੈ। ਭਾਰਤ ਬਨਾਮ ਪਾਕਿਸਤਾਨ ਮੈਚ ਹਮੇਸ਼ਾ ਖਾਸ ਹੁੰਦੇ ਹਨ। ਜਦੋਂ ਵੀ ਮੈਂ ਲੋਕਾਂ ਨਾਲ ਗੱਲ ਕਰਦਾ ਹਾਂ, ਮੈਂ ਉਨ੍ਹਾਂ ਨੂੰ ਇਸ ਦੀ ਉਡੀਕ ਕਰਨ ਲਈ ਕਹਿੰਦਾ ਹਾਂ ਕਿਉਂਕਿ ਇਹ ਬਹੁਤ ਵੱਡਾ ਮੌਕਾ ਹੈ। ਤੁਸੀਂ ਨਹੀਂ ਜਾਣਦੇ ਕਿ ਇਹ ਸਮਾਂ ਵਾਪਸ ਆਵੇਗਾ ਜਾਂ ਨਹੀਂ।”
ਉੱਥੇ ਹੀ ਆਈਸੀਸੀ ਨੇ ਸਤੰਬਰ 2023 ਲਈ ‘ਪਲੇਅਰ ਆਫ ਦਿ ਮੰਥ’ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਸ਼ੁਭਮਨ ਗਿੱਲ ਨੂੰ ਮਹੀਨੇ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਸ਼ੁਭਮਨ ਨੇ ਸਾਥੀ ਖਿਡਾਰੀ ਮੁਹੰਮਦ ਸਿਰਾਜ ਅਤੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਨੂੰ ਪਛਾੜ ਕੇ ਇਹ ਖਿਤਾਬ ਹਾਸਿਲ ਕੀਤਾ ਹੈ। ਸਤੰਬਰ ਮਹੀਨੇ ‘ਚ ਸ਼ੁਭਮਨ ਨੇ 80 ਦੀ ਸ਼ਾਨਦਾਰ ਔਸਤ ਨਾਲ 480 ਦੌੜਾਂ ਬਣਾਈਆਂ ਸਨ। ਸਤੰਬਰ ‘ਚ ਖੇਡੇ ਗਏ ਏਸ਼ੀਆ ਕੱਪ ‘ਚ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਏਸ਼ੀਆ ਕੱਪ ‘ਚ ਸ਼ੁਭਮਨ ਨੇ 75.5 ਦੀ ਬੱਲੇਬਾਜ਼ੀ ਔਸਤ ਨਾਲ 302 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਗਿੱਲ ਨੇ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਦੇ ਦੋ ਮੈਚਾਂ ‘ਚ ਵੀ 178 ਦੌੜਾਂ ਬਣਾਈਆਂ ਸਨ।