ਲੰਬੇ ਸਮੇਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕਰਨ ਵਾਲੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਡੇਰਿਲ ਮਿਸ਼ੇਲ ਦੇ ਨਾਲ ਮਿਲ ਕੇ ਸ਼ਾਨਦਾਰ ਪਾਰੀ ਖੇਡੀ ਅਤੇ ਵਿਸ਼ਵ ਕੱਪ 2023 ‘ਚ ਬੰਗਲਾਦੇਸ਼ ਖਿਲਾਫ ਆਪਣੀ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਡੇਰਿਲ ਮਿਸ਼ੇਲ 89* ਦੌੜਾਂ ਬਣਾ ਕੇ ਨਾਬਾਦ ਪਰਤੇ। ਕਪਤਾਨ ਵਿਲੀਅਮਸਨ 78 ਦੌੜਾਂ ਬਣਾ ਕੇ ਰਿਟਾਇਰ ਹੋ ਗਏ। ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਦੌਰਾਨ ਬੰਗਲਾਦੇਸ਼ ਲਈ ਮੁਸਤਫਿਜ਼ੁਰ ਅਤੇ ਕਪਤਾਨ ਸ਼ਾਕਿਬ ਨੇ 1-1 ਵਿਕਟ ਲਈ।
ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਬੰਗਲਾਦੇਸ਼ ਨੂੰ 50 ਓਵਰਾਂ ‘ਚ 245/9 ਦੌੜਾਂ ‘ਤੇ ਰੋਕ ਦਿੱਤਾ। ਟੀਮ ਲਈ ਲਾਕੀ ਫਰਗੂਸਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਟ੍ਰੇਂਟ ਬੋਲਟ ਅਤੇ ਮੈਟ ਹੈਨਰੀ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ।