ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਪਟਿਆਲਾ ਦੇ ਸਮਾਣਾ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਪਰਿਵਾਰ ਨੂੰ ਇਹ ਖਬਰ ਮਿਲੀ ਤਾਂ ਇੰਝ ਲੱਗਾ ਜਿਵੇਂ ਉਨ੍ਹਾਂ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੋਵੇ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਲਾਸ਼ ਨੂੰ ਵਾਪਿਸ ਲਿਆਉਣ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਪੁੱਤ ਨੂੰ ਡੇਢ ਸਾਲ ਪਹਿਲਾਂ ਉਸਦੀ ਹੀ ਇੱਛਾ ਅਨੁਸਾਰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਉਸਦੀ ਵੱਡੀ ਭੈਣ ਵੀ ਕੈਨੇਡਾ ਰਹਿੰਦੀ ਹੈ। ਗੁਰਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਇੱਕ ਕਿਸਾਨ ਹਨ।
ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਲੜਕੇ ਨੂੰ ਵਿਆਜ ’ਤੇ ਪੈਸੇ ਚੁੱਕ ਕੇ ਕੈਨੇਡਾ ਭੇਜਿਆ ਸੀ। ਅਕਸਰ ਉਸਦਾ ਫੋਨ ਆਉਂਦਾ ਅਤੇ ਉਹ ਕਹਿੰਦਾ, ਪਾਪਾ, ਚਿੰਤਾ ਨਾ ਕਰੋ, ਜਲਦੀ ਹੀ ਉਹ ਕਮਾ ਕੇ ਸਾਰੇ ਉਧਾਰ ਦੇ ਪੈਸੇ ਵਾਪਿਸ ਕਰ ਦੇਵੇਗਾ, ਪਰ ਇਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਜਰਨੈਲ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਉਸ ਨੂੰ ਮੌਤ ਤੋਂ ਇੱਕ ਦਿਨ ਪਹਿਲਾਂ ਫੋਨ ਕੀਤਾ ਸੀ। ਉਹ ਬਹੁਤ ਖੁਸ਼ ਸੀ। ਉਸ ਨੇ ਆਪਣੇ ਦਾਦਾ ਜੀ ਅਤੇ ਮਾਤਾ ਜੀ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਦੀ ਚਿੰਤਾ ਨਾ ਕਰੋ, ਉਹ ਕੈਨੇਡਾ ਵਿੱਚ ਬਿਲਕੁਲ ਠੀਕ ਹੈ।